ਰਾਮਾਂ ਮੰਡੀ, 1 ਮਾਰਚ
ਪਿੰਡ ਮਲਕਾਣਾ ਦੀ ਸੰਦੋਹਾ ਬ੍ਰਾਂਚ ਨਹਿਰ ’ਚ ਨਹਿਰੂ ਨਵੋਦਿਆ ਸਕੂਲ ਨੇੜੇ ਅੱਜ ਸਵੇਰੇ 35/40 ਫੁੱਟ ਚੌੜਾ ਪਾੜ ਪੈਣ ਨਾਲ ਸਕੂਲ ਵਿੱਚ ਬਣੇ ਹੋਸਟਲ ਦੇ ਕਮਰੇ ਪਾਣੀ ਵਿਚ ਡੁੱਬ ਗਏ ਅਤੇ ਪਿੰਡ ਦੀਆਂ ਗਲੀਆਂ ’ਚ ਵੀ ਕਈ ਫੁੱਟ ਪਾਣੀ ਭਰ ਗਿਆ। ਪਿੰਡ ਵਾਸੀਆਂ ਨੇ ਆਪਣੇ ਆਪਣੇ ਘਰਾਂ ਅੱਗੇ ਬੰਨ੍ਹ ਲਗਾ ਕੇ ਪਾਣੀ ਨੂੰ ਘਰਾਂ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਪਾੜ ਪੈਣ ਦੀ ਸੂਚਨਾ ਮਿਲਦੇ ਹੀ ਤਹਿਸੀਲਦਾਰ ਰਮਨਦੀਪ ਕੌਰ ਤਲਵੰਡੀ ਸਾਬੋ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਨਹਿਰ ਵਿਚ ਪਿੱਛੋਂ ਪਾਣੀ ਬੰਦ ਕਰਵਾਇਆ। ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਪਹੁੰਚ ਕੇ ਕਾਫੀ ਮਿਹਨਤ ਤੋਂ ਬਾਅਦ ਪਾੜ ਬੰਦ ਕਰਵਾਇਆ। ਤਹਿਸੀਲਦਾਰ ਰਮਨਦੀਪ ਕੌਰ ਨੇ ਦੱਸਿਆ ਕਿ ਪਾਣੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਰਜਵਾਹਿਆਂ ਵਿੱਚ ਵਾਰ ਵਾਰ ਪਾੜ ਪੈਣ ਦੀ ਸਮੱਸਿਆ ਦੇ ਹੱਲ ਲਈ ਸਮੂਹ ਨਹਿਰਾਂ ਅਤੇ ਰਜਵਾਹਿਆਂ ਦੇ ਕਿਨਾਰੇ ਮਜਬੂਤ ਕਰਕੇ ਬਣਾਏ ਜਾਣ।