ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਦਿੱਤੇ ਹਨ ਕਿ ਉਨ੍ਹਾਂ ਪੰਜ ਪਰਿਵਾਰਾਂ ਨੂੰ 4-4 ਚਾਰ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਤੁਰੰਤ ਜਾਰੀ ਕੀਤਾ ਜਾਵੇ, ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੀ ਪਿਛਲੇ ਦਿਨੀ ਭਾਰੀ ਮੀਂਹ ਪੈਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਸਾਲ 2017 ਦੇ ਹੜ੍ਹ ਦੌਰਾਨ ਨੁਕਸਾਨ ਝੱਲਣ ਵਾਲੇ ਪੀੜਤ ਕਿਸਾਨਾਂ ਦੀ ਬਕਾਇਆ ਮੁਆਵਜ਼ਾ ਫੌਰੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਮਾਲ ਵਿਭਾਗ ਪਾਸੋਂ ਰਾਸ਼ੀ ਪ੍ਰਾਪਤ ਕਰਨ ਦੇ ਬਾਵਜੂਦ ਸਾਲ 2017 ਦਾ ਮੁਆਵਜ਼ਾ ਵੰਡਣ ’ਚ ਡਿਪਟੀ ਕਮਿਸ਼ਨਰਾਂ ਕੋਲੋਂ ਹੋਈ ਦੇਰੀ ’ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ ਮਾਲ ਨੂੰ ਇਨ੍ਹਾਂ ਅਧਿਕਾਰੀਆਂ ਪਾਸੋਂ ਸਪੱਸ਼ਟੀਕਰਨ ਮੰਗਣ ਦੀ ਹਦਾਇਤ ਕੀਤੀ। ਹਾਲ ਹੀ ਵਿੱਚ ਪਏ ਮੀਂਹ ਨਾਲ ਪੀੜਤਾਂ ਨੂੰ ਮੁਆਵਜ਼ਾ ਛੇਤੀ ਜਾਰੀ ਕਰਨ ਸਬੰਧੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ ਹੋਈਆਂ ਪੰਜ ਮੌਤਾਂ ਵਿੱਚੋਂ ਤਰਨ ਤਾਰਨ ਵਿੱਚ ਦੋ ਜਦਕਿ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਮੋਗਾ ਵਿੱਚ ਇਕ-ਇਕ ਮੌਤ ਹੋਈ ਹੈ। ਮੁੱਖ ਮੰਤਰੀ ਨੇ ਮੁੱਖ ਪ੍ਰਮੁੱਖ ਸਕੱਤਰ ਨੂੰ ਆਖਿਆ ਕਿ ਮੁਆਵਜ਼ੇ ਦਾ ਅਨੁਮਾਨ ਤੇ ਰਾਸ਼ੀ ਜਾਰੀ ਕਰਨ ਲਈ ਤੈਅ ਮਾਪਦੰਡ ਤੇ ਨਿਯਮਾਂ ਨਾਲ ਸਬੰਧਤ ਵਿਸਥਾਰਤ ਦਿਸ਼ਾ-ਨਿਰਦੇਸ਼ ਫੀਲਡ ਅਧਿਕਾਰੀਆਂ ਨੂੰ ਦੁਬਾਰਾ ਜਾਰੀ ਕੀਤੇ ਜਾਣ ਤਾਂ ਕਿ ਮੁਆਵਜ਼ੇ ਦੀ ਅਦਾਇਗੀ ਸਮੇਂ ਸਿਰ ਕਰਨੀ ਯਕੀਨੀ ਬਣਾਈ ਜਾ ਸਕੇ।
ਪਿਛਲੇ ਦਿਨੀਂ ਭਾਰੀ ਮੀਂਹ ਨਾਲ ਫਸਲਾਂ, ਜਾਇਦਾਦਾਂ ਅਤੇ ਪਸ਼ੂ ਧਨ ਨੂੰ ਪਹੁੰਚੇ ਨੁਕਸਾਨ ਬਾਰੇ ਅੰਕੜੇ ਹਾਸਲ ਹੋਣ ਤੋਂ ਬਾਅਦ ਵਿਸਥਾਰਤ ਮੈਮੋਰੰਡਮ ਤਿਆਰ ਕਰਕੇ ਕੇਂਦਰ ਸਰਕਾਰ ਪਾਸੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਜਾਵੇਗੀ। ਫਸਲ ਖਰਾਬ ਹੋਣ ’ਤੇ ਮੁਆਵਜ਼ੇ ਦੀ ਰਾਸ਼ੀ ਜੋ ਪਹਿਲਾਂ 8000 ਰੁਪਏ ਪ੍ਰਤੀ ਏਕੜ ਤੈਅ ਕੀਤੀ ਗਈ ਸੀ ਉਹ ਹੁਣ 12000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾਣੀ ਚਾਹੀਦੀ ਹੈ। ਨਿਯਮਾਂ ਮੁਤਾਬਕ ਫਸਲ ਨੂੰ 76 ਤੋਂ 100 ਫੀਸਦੀ ਦਰਮਿਆਨ ਨੁਕਸਾਨ ਪਹੁੰਚਣ ’ਤੇ 12000 ਰੁਪਏ ਪ੍ਰਤੀ ਏਕੜ ਮੁਤਾਬਕ ਮੁਆਵਜ਼ਾ ਅਦਾ ਕੀਤਾ ਜਾਵੇਗਾ। 33 ਤੋਂ 75 ਫੀਸਦੀ ਦਰਮਿਆਨ 5400 ਰੁਪਏ ਪ੍ਰਤੀ ਏਕੜ ਅਤੇ 26 ਤੋਂ 32 ਫੀਸਦੀ ਦਰਮਿਆਨ ਨੁਕਸਾਨ ਲਈ 2000 ਰੁਪਏ ਪ੍ਰਤੀ ਏਕੜ ਮੁਆਵਜ਼ਾ ਅਦਾ ਕੀਤਾ ਜਾਵੇਗਾ। ਘਰ ਨੂੰ ਪੂਰੀ ਤਰ੍ਹਾਂ ਜਾਂ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਸੂਰਤ ਵਿੱਚ 95,100 ਰੁਪਏ ਜਦਕਿ ਕੁਝ ਹਿੱਸੇ ਨੂੰ ਨੁਕਸਾਨ ਹੋਣ ’ਤੇ 5200 ਰੁਪਏ ਦਾ ਮੁਆਵਜ਼ਾ ਅਦਾ ਕੀਤਾ ਜਾਵੇਗਾ। ਪਸ਼ੂ ਧਨ (ਮੱਝ/ਗਾਂ) ਦੇ ਘਾਟੇ ਲਈ 30 ਤੋਂ 90 ਹਜ਼ਾਰ ਰੁਪਏ ਦਰਮਿਆਨ ਮੁਆਵਜ਼ਾ ਹੋਵੇਗਾ ਜਦਕਿ ਬੱਕਰੀ, ਭੇਡ ਅਤੇ ਸੂਰ ਲਈ 3000 ਰੁਪਏ ਦੀ ਮੁਆਵਜ਼ਾ ਰਾਸ਼ੀ ਤੈਅ ਹੈ।
ਇਸ ਮੌਕੇ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਿੱਤ ਕਮਿਸ਼ਨਰ ਮਾਲ ਐੱਮਪੀ ਸਿੰਘ ਹੋਰ ਅਧਿਕਾਰੀ ਹਾਜ਼ਰ ਸਨ।