ਟੋਰਾਂਟੋ, 18 ਦਸੰਬਰ : ਓਨਟਾਰੀਓ ਸਰਕਾਰ ਵੱਲੋਂ ਸੋਮਵਾਰ ਨੂੰ ਪ੍ਰੋਵਿੰਸ ਦੀ ਮੁੱਖ ਪਾਵਰ ਯੂਟੀਲਿਟੀਜ਼ ਵਿੱਚੋਂ ਇੱਕ ਉੱਤੇ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਹੜਤਾਲ ਰੋਕਣ ਲਈ ਬਿੱਲ ਪੇਸ਼ ਕੀਤਾ ਗਿਆ। ਸਰਕਾਰ ਦਾ ਕਹਿਣਾ ਹੈ ਕਿ ਛੁੱਟੀਆਂ ਦੌਰਾਨ ਬਿਜਲੀ ਦੀ ਸਪਲਾਈ ਵਿੱਚ ਪੈਣ ਵਾਲੇ ਵਿਘਨ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਲੇਬਰ ਮੰਤਰੀ ਲੌਰੀ ਸਕੌਟ ਦਾ ਕਹਿਣਾ ਹੈ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਪਾਵਰ ਵਰਕਰਜ਼ ਯੂਨੀਅਨ ਤੇ ਓਨਟਾਰੀਓ ਪਾਵਰ ਜੈਨਰੇਸ਼ਨ ਵਿਚਲੇ ਵਿਵਾਦ ਲਈ ਵਿਚੋਲਗੀ ਕਰਵਾਈ ਜਾ ਸਕੇਗੀ। ਇਸ ਨਾਲ ਅੱਧੇ ਓਨਟਾਰੀਓ ਦੀ ਬਿਜਲੀ ਸਪਲਾਈ ਬੰਦ ਹੋਣ ਦਾ ਖਤਰਾ ਵੀ ਮੁੱਕ ਜਾਵੇਗਾ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਸੋਮਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਇਹ ਬਿੱਲ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਸਰਦ ਰੁੱਤ ਦੀਆਂ ਛੁੱਟੀਆਂ ਲਈ ਵਿਧਾਨ ਸਭਾ ਉਠਾਈ ਜਾ ਚੁੱਕੀ ਹੈ।
ਸਰਕਾਰ ਦੀ ਵਿਰੋਧੀ ਧਿਰ ਵੱਲੋਂ ਇਹ ਕਦਮ ਦੀ ਨਿਖੇਧੀ ਕੀਤੀ ਗਈ। ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ ਸਰਕਾਰ ਨੇ ਤਾਂ ਹੜਤਾਲ ਸ਼ੁਰੂ ਹੋਣ ਤੱਕ ਦੀ ਉਡੀਕ ਨਹੀਂ ਕੀਤੀ ਸਗੋਂ ਪਹਿਲਾਂ ਹੀ ਕਾਮਿਆਂ ਨੂੰ ਕੰਮ ਉੱਤੇ ਪਰਤਣ ਲਈ ਉਨ੍ਹਾਂ ਉੱਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਹੋਰ ਬਦਲ ਵੀ ਅਪਣਾ ਸਕਦੀ ਸੀ ਪਰ ਸਰਕਾਰ ਨੇ ਸੱਭ ਤੋਂ ਆਖਰੀ ਰਾਹ ਪਹਿਲਾਂ ਹੀ ਅਪਣਾ ਲਿਆ, ਜੋ ਕਿ ਬੈਕ ਟੂ ਵਰਕ ਲੈਜਿਸਲੇਸ਼ਨ ਹੈ।
ਇਸ ਦੌਰਾਨ ਗ੍ਰੀਨ ਪਾਰਟੀ ਆਗੂ ਮਾਈਕ ਸ਼ਰੀਨਰ ਨੇ ਆਖਿਆ ਕਿ ਉਹ ਇਸ ਬਿੱਲ ਦੇ ਵੇਰਵੇ ਦਾ ਮੁਲਾਂਕਣ ਕਰਨਾ ਚਾਹੁਣਗੇ ਤੇ ਉਨ੍ਹਾਂ ਨੂੰ ਇਸ ਦੀ ਆਸ ਹੈ ਕਿ ਇਸ ਦੌਰਾਨ ਦੋਵਾਂ ਧਿਰਾਂ ਦੀ ਬਾਰਗੇਨਿੰਗ ਪ੍ਰਕਿਰਿਆ ਦਾ ਧਿਆਨ ਰੱਖਿਆ ਗਿਆ ਹੋਵੇਗਾ। ਲੇਬਰ ਗਰੁੱਪਜ਼ ਵੱਲੋਂ ਵੀ ਇਸ ਬਿੱਲ ਦੀ ਨਿਖੇਧੀ ਕੀਤੀ ਗਈ ਹੈ।