ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਹਰਜੋਤ ਸਿੰਘ ਬੈਂਸ ਸਮੇਤ ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਗੁਰੂਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਕਮੇਟੀ ਨਾਲ਼ ਮੁਲਾਕਾਤ ਕੀਤੀ । ਕਮੇਟੀ ਨਾਲ਼ ਮੁਲਾਕਾਤ ਤੋਂ ਬਾਅਦ ਮੰਤਰੀ ਹਰਪਾਲ ਸਿੰਘ ਚੀਮਾ ਨੇ 169 ਪਾਵਨ ਸਰੂਪਾਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰਾ ਰਿਕਾਰਡ ਦਰੁਸਤ ਪਾਇਆ ਗਿਆ ਹੈ ਅਤੇ ਪ੍ਰਬੰਧਕ ਕਮੇਟੀ ‘ਤੇ ਕੋਈ ਮਾਮਲਾ ਦਰਜ ਨਹੀਂ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੀ 14 ਜਨਵਰੀ ਨੂੰ ਦਾਅਵਾ ਕੀਤਾ ਸੀ ਕਿ ਲਾਪਤਾ 328 ਸਰੂਪਾਂ ਦੇ ਮਾਮਲੇ ‘ਚ ਬਣਾਈ ਗਈ ਜਾਂਚ ਕਮੇਟੀ ਨੂੰ ਬੰਗਾ ਦੇ ਇੱਕ ਧਾਰਮਿਕ ਅਸਥਾਨ ਤੋਂ 169 ਸਰੂਪ ਮਿਲੇ ਹਨ ਤੇ ਇਨ੍ਹਾਂ ‘ਚੋਂ ਸਿਰਫ਼ 30 ਸਰੂਪਾਂ ਦਾ ਹੀ ਰਿਕਾਰਡ ਮਿਲਿਆ ਹੈ। ਜਿਸ ਤੋਂ ਬਾਅਦ ਕਾਫੀ ਵਿਵਾਦ ਪੈਦਾ ਹੋ ਗਿਆ ਸੀ। ਪਰ ਹੁਣ ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਸਾਰੇ ਸਰੂਪਾਂ ਦਾ ਰਿਕਾਰਡ ਮਿਲ ਗਿਆ ਹੈ। 328 ਪਾਵਨ ਸਰੂਪਾਂ ਦੇ ਮਾਮਲੇ ‘ਚ SIT ਦੀ ਕਾਰਵਾਈ ਜਾਰੀ ਰਹੇਗੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ”ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਮਾਮਲੇ ‘ਚ ਜਾਂਚ ਬੈਠਾਈ ਤੇ ਸਾਡੀ ਜਾਂਚ ਟੀਮ ਰਾਜਾ ਸਾਹਿਬ ਰਸੋਖਾਨਾ ਬੰਗਾ ਪਹੁੰਚੀ ਤੇ ਉਨ੍ਹਾਂ ਨੂੰ 169 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਜਾਣਕਾਰੀ ਮਿਲੀ। ਹੁਣ ਉਹ ਜਾਂਚ ਪੂਰੀ ਤਰ੍ਹਾਂ ਹੋ ਚੁੱਕੀ ਹੈ। ਇਸ ਅਸਥਾਨ ਤੋਂ ਕੁਝ ਵੀ ਗ਼ਲਤ ਨਹੀਂ ਮਿਲਿਆ, ਰਿਕਾਰਡ ਸਾਰਾ ਦੁਰਸਤ ਪਾਇਆ ਗਿਆ ਹੈ।” ਉਨ੍ਹਾਂ ਕਿਹਾ ਕਿ ਸਰਕਾਰ ਹਰ ਧਰਮ ਅਤੇ ਹਰ ਧਾਰਮਿਕ ਅਸਥਾਨ ਦਾ ਪੂਰਾ ਸਤਿਕਾਰ ਕਰਦੀ ਹੈ, ਇਸ ਮਾਮਲੇ ਵਿੱਚ ਸੱਚ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ।
ਐਸਆਈਟੀ ਅਧਿਕਾਰੀਆਂ ਅਨੁਸਾਰ, ਇਸ ਮਾਮਲੇ ਵਿੱਚ ਹੁਣ ਤੱਕ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸਤਿੰਦਰ ਕੋਹਲੀ ਅਤੇ ਕਮਲਜੀਤ ਸਿੰਘ ਸ਼ਾਮਲ ਹਨ। ਐਸਆਈਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਤੋਂ ਵੀ ਸਹਿਯੋਗ ਮੰਗਿਆ ਹੈ ਅਤੇ ਇਸਨੂੰ ਸਾਰੇ ਸੰਬੰਧਿਤ ਰਿਕਾਰਡ ਮੁਹੱਈਆ ਕਰਵਾਉਣ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਨੇ ਭਰੋਸਾ ਦਿੱਤਾ ਹੈ ਕਿ ਰਿਕਾਰਡ ਜਲਦੀ ਹੀ ਉਪਲਬਧ ਕਰਵਾਏ ਜਾਣਗੇ। ਪੰਜਾਬ ਸਰਕਾਰ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੁੰਦੀ ਹੈ।
