ਚੰਡੀਗੜ੍ਹ, 6 ਜੁਲਾਈ 2019- ਲੋਕ ਇੰਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਲੋਕ ਇੰਨਸਾਫ਼ ਪਾਰਟੀ ਵੱਲੋਂ ਪਾਣੀਆਂ ਦੇ ਮੁੱਦੇ ‘ਤੇ ‘ਸਾਡਾ ਪਾਣੀ ,ਸਾਡਾ ਹੱਕ’ ਮਹਿੰਮ ਸ਼ੁਰੂ ਕਰੇਗੀ।ਜਿਸਨੂੰ 12 ਜੁਲਾਈ ਤੋਂ ਪੂਰੇ ਪੰਜਾਬ ਵਿੱਚ ਚਲਾਇਆ ਜਾਵੇਗਾ।ਇਸ ਮਹਿੰਮ ਤਹਿਤ 21 ਲੱਖ ਲੋਕਾਂ ਦੇ ਦਸਤਖਤ ਕਰਵਾ ਕੇ ਵਿਧਾਨ ਸਭਾ ਵਿੱਚ ਮਤਾ ਪੇਸ਼ ਕੀਤਾ ਜਾਵੇਗਾ।
ਸ਼੍ਰੀ ਬੈਂਸ ਨੇ ਕਿਹਾ ਕਿ ਦੂਸਰੇ ਰਾਜਾਂ ਨੂੰ ਪਾਸੀ ਦੇਣ ਦੇ ਮੁੱਦੇ ‘ਤੇ 16 ਨਵੰਬਰ 2016 ਨੂੰ ਅਕਾਲੀ ਭਾਜਪਾ ਸਰਕਾਰ ਨੇ ਇਕ ਬਿੱਲ ਨੂੰ ਪ੍ਰਵਾਨਗੀ ਦਿੱਤੀ ਸੀ।ਪਰ ਅੱਜ ਤੱਕ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਵੱਲੋ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਹੈ।ਸ਼੍ਰੀ ਬੈਂਸ ਨੇ ਕਿਹਾ ਕਿ ਕਿਸੇ ਵੀ ਸਰਕਾਰ ਦੁਆਰਾ ਨਾ ਹੀ ਕਿਸੇ ਰਾਜ ਦਾ ਪਾਣੀ ਰੋਕਿਆ ਹੈ ਅਤੇ ਨਾ ਹੀ ਕਿਸੇ ਰਾਜ ਤੋਂ ਪਾਣੀ ਦੀ ਕੀਮਤ ਦੀ ਵਸੂਲੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਪ੍ਰਤੀ ਗੰਭੀਰ ਨਹੀਂ ਹਨ।
ਬੈਂਸ ਨੇ ਕਿਹਾ ਕਿ ਜੇਕਰ ਸਰਕਾਰ ਦੂਜੇ ਰਾਜਾਂ ਨੂੰ ਪਾਣੀ ਦੇਣਾ ਬੰਦ ਕਰ ਦੇਵੇ ਤਾਂ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੀ ਕਮੀ ਨਹੀਂ ਆਵੇਗੀ।ਜੇਕਰ ਸਰਕਾਰ ਇਨ੍ਹਾਂ ਰਾਜਾਂ ਨੂੰ ਪਾਣੀ ਦੇਣਾ ਹੀ ਚਾਹੁੰਦੀ ਹੈ ਤਾਂ ਪਾਣੀ ਦੀ ਕੀਮਤ ਵਸੂਲ ਕਰਨੀ ਚਾਹੀਦੀ ਹੈ।ਜਿਸ ਨਾਲ ਸੂਬੇ ਦਾ ਵਿਕਾਸ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਿਮਰਜੀਤ ਸਿੰਘ ਬੈਂਸ ਆਪਣੇ ਪਾਰਟੀ ਵਰਕਰਾਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਪਹੁੰਚੇ ਸਨ।ਪਰ ਪੁਲੀਸ ਵੱਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਸੀ ਅਤੇ ਉਨ੍ਹਾਂ `ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਰਸਤੇ ਵਿੱਚ ਰੋਕ ਲਿਆ ਸੀ।