ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੈਪਟਨ ਸਰਕਾਰ ’ਤੇ ਪੰਜਾਬ ਅਤੇ ਗੁਰੂਆਂ ਦੇ ਇਤਿਹਾਸ ਦੀ ਜਾਣਕਾਰੀ ਸਕੂਲੀ ਸਿਲੇਬਸ ਵਿੱਚੋਂ ਮਨਫ਼ੀ ਕਰਨ ਦੇ ਦੋਸ਼ ਲਾਉਂਦਿਆਂ ਅੱਜ ਇੱਥੇ ਕਿਹਾ ਕਿ ਕਾਂਗਰਸ ਨੂੰ ਸਿੱਖਾਂ ਤੇ ਪੰਜਾਬੀਆਂ ਦੇ ਜਜ਼ਬਾਤ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਮੁਲਕ, ਫਿਰਕੇ ਅਤੇ ਧਰਮ ਦਾ ਇਤਿਹਾਸ ਹੁੰਦਾ ਹੈ ਅਤੇ ਜੇਕਰ ਕੋਈ ਇਸ ਇਤਿਹਾਸ ਨੂੰ ਖ਼ਤਮ ਕਰਦਾ ਹੈ ਤਾਂ ਸਮਝ ਲਵੋ ਭਵਿੱਖ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਕੋਰ ਕਮੇਟੀ ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਹਿੱਸਾ ਲਿਆ। ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਗੌਰਵਮਈ ਸਿੱਖ ਇਤਿਹਾਸ ਨੂੰ ਖ਼ਤਮ ਕਰਨ ਦਾ ਰਾਹ ਅਖ਼ਤਿਆਰ ਕਰਕੇ ਗਲਤੀ ਤਾਂ ਕੀ ਮੰਨਣੀ ਸੀ ਸਗੋਂ ਆਪਣੀਆਂ ਨਾਲਾਇਕੀਆਂ ’ਤੇ ਪਰਦੇ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 12ਵੀਂ ਜਮਾਤ ਦੀ ਪੜ੍ਹਾਈ ਹਰ ਵਿਦਿਆਰਥੀ ਲਈ ਅਹਿਮ ਹੁੰਦੀ ਹੈ ਕਿਉਂਕਿ 12ਵੀਂ ਤੋਂ ਬਾਅਦ ਹੀ ਭਵਿੱਖ ਦੀ ਉਚੇਰੀ ਪੜ੍ਹਾਈ ਦੀ ਦਿਸ਼ਾ ਤੈਅ ਹੋਣੀ ਹੁੰਦੀ ਹੈ। ਜੇਕਰ ਇਸ ਜਮਾਤ ਵਿੱਚ ਹੀ ਪੰਜਾਬ ਦੇ ਵਿਦਿਆਰਥੀਆਂ ਨੂੰ ਗੌਰਵਮਈ ਇਤਿਹਾਸ ਪੜ੍ਹਨ ਨੂੰ ਨਹੀਂ ਮਿਲੇਗਾ ਤਾਂ ਸਥਿਤੀ ਸਪੱਸ਼ਟ ਹੋ ਜਾਂਦੀ ਹੈ ਕਿ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਪੜ੍ਹਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਨਾਲ ਸਬੰਧਿਤ ਜਾਣਕਾਰੀ ਦੇਣ ਦੀ ਥਾਂ ਕਾਂਗਰਸ ਸਰਕਾਰ ਨੇ ਮੁਗਲਾਂ ਅਤੇ ਕਾਂਗਰਸ ਨਾਲ ਸਬੰਧਿਤ ਜਾਣਕਾਰੀ ਵਿਦਿਆਰਥੀਆਂ ’ਤੇ ਥੋਪੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਭਲਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਸਾਂਝਾ ਵਫ਼ਦ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਸਰਕਾਰ ਵਿਰੁੱਧ ਕਾਰਵਾਈ ਦੀ ਮੰਗ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਸ਼੍ਰੋਮਣੀ ਅਕਾਲੀ ਦਲ ਹਾਲ ਦੀ ਘੜੀ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੰਦਾ ਹੈ ਕਿ ਗਲਤੀ ਨੂੰ ਸੁਧਾਰ ਲਿਆ ਜਾਵੇ ਅਤੇ ਅਜਿਹਾ ਨਾ ਕਰਨ ’ਤੇ ਪਾਰਟੀ ਰਾਜ ਵਿਆਪੀ ਸੰਘਰਸ਼ ਉਲੀਕੇਗੀ। ਉਨ੍ਹਾਂ ਦੱਸਿਆ ਕਿ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ 11 ਮਈ ਨੂੰ ਅਕਾਲੀ ਦਲ ਦੇ ਸਮੁੱਚੇ ਅਹੁਦੇਦਾਰਾਂ ਅਤੇ ਵਿੰਗਾਂ ਦੇ ਆਗੂਆਂ ਦੀ ਮੀਟਿੰਗ ਅੰਮ੍ਰਿਤਸਰ ਵਿੱਚ ਸੱਦੀ ਗਈ ਹੈ।
ਸ੍ਰੀ ਬਾਦਲ ਨੇ ਇਹ ਵੀ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਚਾਰ ਸਾਹਿਬਜ਼ਾਦਿਆਂ ਨਾਲ ਸਬੰਧਤ ਇਤਿਹਾਸ ਨੂੰ ਕਿਤਾਬ ਦਾ ਹਿੱਸਾ ਬਣਾਇਆ ਹੈ ਤਾਂ ਉਹ ਇਸ ਦਾ ਸਵਾਗਤ ਕਰਦੇ ਹਨ ਪਰ ਇਸ ਦਾ ਇਹ ਵੀ ਮਤਲਬ ਨਹੀਂ ਕਿਹਾ ਕਿ ਸਿੱਖ ਇਤਿਹਾਸ ਨਾਲ ਖਿਲਵਾੜ ਹੋਣ ਦਿੱਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ ਅਤੇ ਹੋਰ ਆਗੂ ਵੀ ਮੌਜੂਦ ਸਨ।