ਅਟਾਰੀ, 2 ਅਗਸਤ
ਪਾਕਿਸਤਾਨ ਦੀ ਹਾਕੀ ਟੀਮ 3 ਅਗਸਤ ਤੋਂ 12 ਅਗਸਤ ਤੱਕ ਚੇਨੱਈ ਵਿੱਚ ਹੋਣ ਵਾਲੀ ਹੀਰੋਜ਼ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲੈਣ ਲਈ ਅੱਜ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜੀ। ਪਾਕਿਸਤਾਨੀ ਦਲ ਵਿੱਚ ਹਾਕੀ ਟੀਮ ਦੇ 16 ਖਿਡਾਰੀਆਂ ਸਣੇ ਕੁੱਲ 28 ਮੈਂਬਰ ਹਨ, ਜਿਨ੍ਹਾਂ ਵਿੱਚ ਅਧਿਕਾਰੀ, ਕੋਚ ਤੇ ਮੈਡੀਕਲ ਟੀਮ ਮੈਂਬਰ ਵੀ ਸ਼ਾਮਲ ਹਨ। ਅਟਾਰੀ ਸਰਹੱਦ ’ਤੇ ਕਸਟਮ ਤੇ ਇਮੀਗ੍ਰੇਸ਼ਨ ਵਿਭਾਗ ਦੀ ਪ੍ਰਕਿਰਿਆ ਪੂਰੀ ਕਰਨ ਮਗਰੋਂ ਪਾਕਿਸਤਾਨੀ ਹਾਕੀ ਟੀਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਐੱਸਪੀ ਜੁਗਰਾਜ ਸਿੰਘ ਦੀ ਅਗਵਾਈ ਹੇਠ ਗੁਰੂ ਰਾਮਦਾਸ ਹਵਾਈ ਅੱਡਾ ਅੰਮ੍ਰਿਤਸਰ ਲਈ ਰਵਾਨਾ ਹੋਈ। ਇੱਥੋਂ ਟੀਮ ਹਵਾਈ ਜਹਾਜ਼ ਰਾਹੀਂ ਚੇਨੱਈ ਲਈ ਰਵਾਨਾ ਹੋਈ।
ਪਾਕਿਸਤਾਨੀ ਹਾਕੀ ਟੀਮ ਦੇ ਕੋਚ ਮੁਹੰਮਦ ਸਕਲੇਨ ਨੇ ਅਟਾਰੀ ਸਰਹੱਦ ’ਤੇ ਕਿਹਾ ਕਿ ਖੇਡਾਂ ਤੇ ਫ਼ਿਲਮ ਉਦਯੋਗ ਰਾਹੀਂ ਭਾਰਤ ਨਾਲ ਸਾਡੇ ਰਿਸ਼ਤੇ ਮਜ਼ਬੂਤ ਹੋਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ 15 ਦਿਨ ਦਾ ਵੀਜ਼ਾ ਮਿਲਿਆ ਹੈ। ਕੋਚ ਮੁਤਾਬਕ ਪਾਕਿਸਤਾਨੀ ਟੀਮ ਦਾ ਪਹਿਲਾ ਮੈਚ 3 ਅਗਸਤ ਨੂੰ ਮਲੇਸ਼ੀਆ ਦੀ ਟੀਮ ਨਾਲ ਹੋਣਾ ਹੈ ਜਦਕਿ 9 ਅਗਸਤ ਨੂੰ ਭਾਰਤੀ ਟੀਮ ਨਾਲ ਮੈਚ ਹੋਵੇਗਾ। ਇਸ ਮਗਰੋਂ ਪਾਕਿਸਤਾਨੀ ਹਾਕੀ ਟੀਮ 14 ਅਗਸਤ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਵਤਨ ਰਵਾਨਾ ਹੋਵੇਗੀ।