ਇਸਲਾਮਾਬਾਦ, 18 ਜਨਵਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਸ਼ਮੀਰ ਸਮੇਤ ਵੱਖ ਵੱਖ ਭਖਦੇ ਮਸਲਿਆਂ ਦੇ ਹੱਲ ਲਈ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਗੱਲਬਾਤ ਦਾ ਸੱਦਾ ਦਿੰਦਿਆਂ ਕਿਹਾ ਕਿ ਯੂਏਈ ਪਰਮਾਣੂ ਸ਼ਕਤੀ ਵਾਲੇ ਦੋ ਗੁਆਂਢੀਆਂ ਵਿਚਾਲੇ ਗੱਲਬਾਤ ਦੀ ਬਹਾਲੀ ’ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਸ਼ਰੀਫ ਨੇ ਦੁਬਈ ’ਚ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ। ਜ਼ਿਕਰਯੋਗ ਹੈ ਕਿ ਕਸ਼ਮੀਰ ਮਸਲੇ ਤੇ ਸਰਹੱਦ ਪਾਰੋਂ ਹੋਣ ਵਾਲੇ ਅਤਿਵਾਦ ਕਾਰਨ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਤਣਾਅ ਭਰੇ ਰਹੇ ਹਨ। ਭਾਰਤ ਕਸ਼ਮੀਰ ਮਸਲੇ ’ਤੇ ਕਿਸੇ ਵੀ ਤੀਜੀ ਧਿਰ ਦੀ ਸਾਲਸੀ ਪਹਿਲਾਂ ਹੀ ਖਾਰਜ ਕਰ ਚੁੱਕਾ ਹੈ। ਸ਼ਰੀਫ ਨੇ ਕਿਹਾ, ‘ਭਾਰਤੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰਾ ਸੁਨੇਹਾ ਹੈ ਕਿ ਆਓ, ਅਸੀਂ ਗੱਲਬਾਤ ਦੀ ਮੇਜ਼ ’ਤੇ ਬੈਠੀਏ ਅਤੇ ਕਸ਼ਮੀਰ ਸਮੇਤ ਹੋਰ ਦੁਵੱਲੇ ਮਸਲਿਆਂ ਦੇ ਹੱਲ ਲਈ ਗੰਭੀਰ ਗੱਲਬਾਤ ਕਰੀਏ।’ ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਭਾਰਤ ਗੁਆਂਢੀ ਮੁਲਕ ਹਨ ਅਤੇ ਇਨ੍ਹਾਂ ਇੱਕ-ਦੂਜੇ ਦੇ ਨਾਲ ਹੀ ਰਹਿਣਾ ਹੈ। ਉਨ੍ਹਾਂ ਕਿਹਾ, ‘ਇਹ ਸਾਡੇ ’ਤੇ ਹੈ ਕਿ ਅਸੀਂ ਅਮਨ-ਅਮਾਨ ਨਾਲ ਰਹੀਏ, ਪ੍ਰਗਤੀ ਕਰੀਏ ਜਾਂ ਆਪਸ ’ਚ ਲੜੀਏ ਅਤੇ ਸਮਾਂ ਤੇ ਸਰੋਤਾਂ ਨੂੰ ਬਰਬਾਦ ਕਰੀਏ। ਭਾਰਤ ਨਾਲ ਅਸੀਂ ਤਿੰਨ ਜੰਗਾਂ ਲੜੀਆਂ ਹਨ ਅਤੇ ਇਸ ਨਾਲ ਲੋਕਾਂ ਨੂੰ ਦੁੱਖ, ਗਰੀਬੀ ਤੇ ਬੇਰੁਜ਼ਗਾਰੀ ’ਚ ਵਾਧਾ ਹੀ ਹੋਇਆ ਹੈ।’ ਸ਼ਰੀਫ਼ ਨੇ ਕਿਹਾ, ‘ਅਸੀਂ ਸਬਕ ਸਿੱਖ ਲਿਆ ਹੈ ਅਤੇ ਅਸੀਂ ਅਮਨ ਅਮਾਨ ਨਾਲ ਰਹਿਣਾ ਚਾਹੁੰਦੇ ਹਾਂ ਬਸ਼ਰਤੇ ਅਸੀਂ ਆਪਣੀਆਂ ਅਸਲ ਸਮੱਸਿਆਵਾਂ ਨੂੰ ਹੱਲ ਕਰ ਸਕੀਏ।