ਪਟਿਆਲਾ 18 ਅਕਤੂਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਸਰਕਾਰਾਂ ਵੱਲੋਂ ਕੀਤੇ ਯਤਨਾਂ ਦੀ ਜਿਥੇ ਸ਼ਲਾਘਾ ਕੀਤੀ ਹੈ, ਉਥੇ ਹੀ ਪਾਕਿਸਤਾਨ ਵੱਲੋਂ ਗੁਰੂ ਸਾਹਿਬ ਦੀ ਚਰਨਛੋਹ ਧਰਤੀ ਕਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਤੋਂ 20 ਡਾਲਰ ਦੀ ਵਸੂਲੀ ਜਾਣ ਵਾਲੀ ਫੀਸ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਦੀ ਸ਼ਰਧਾ ਅਤੇ ਆਸਥਾ ਜੁੜੀ ਹੋਈ ਹੈ ਅਤੇ ਸੰਗਤਾਂ ਤੋਂ 20 ਡਾਲਰ ਦੀ ਫੀਸ ਵਸੂਲਣਾ ਕਿਸੇ ਵੀ ਤਰ੍ਹਾਂ ਯੋਗ ਨਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਫੀਸ ਵਸੂਲਣ ਦੇ ਫੈਸਲੇ ਦੀ ਨਜ਼ਰਸਾਨੀ ਕਰਦੇ ਹੋਏ ਸੰਗਤਾਂ ਤੋਂ ਫੀਸ ਵਸੂਲਣ ਦਾ ਫੈਸਲਾ ਵਾਪਸ ਲੈ ਲੈਣਾ ਚਾਹੀਦਾ ਹੈ।

ਪ੍ਰੋ. ਬਡੂੰਗਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਵੱਲੋਂ ਸੰਗਤਾਂ ਤੋਂ ਵਸੂਲੀ ਜਾਣ ਵਾਲੀ ਫੀਸ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਗੱਲਬਾਤ ਜਾਂ ਕੂਟਨੀਤਕ ਰਾਹੀਂ ਦਖਲ ਦੇ ਕੇ ਇਸ ਫੀਸ ਤੋਂ ਛੂਟ ਅਤੇ ਸੰਗਤਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।