ਅਟਾਰੀ, 13 ਮਈ

ਭਾਰਤ-ਪਾਕਿਸਤਾਨ ਵਿਚਕਾਰ ਹੋਏ ਸਮਝੌਤਿਆਂ ਤਹਿਤ ਪਾਕਿਸਤਾਨ ਸਰਕਾਰ ਵੱਲੋਂ ਵੱਖ-ਵੱਖ ਜ਼ੇਲ੍ਹਾਂ ਵਿੱਚੋਂ ਰਿਹਾਅ ਕੀਤੇ 198 ਭਾਰਤੀ ਮਛੇਰੇ ਦੇਰ ਰਾਤ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੇ। ਵਾਹਗਾ-ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰੇਮਨੀ ਤੋਂ ਬਾਅਦ ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਰੇਂਜਰਜ਼ ਅਧਿਕਾਰੀ ਵੱਲੋਂ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਦੇ ਹਵਾਲੇ ਕੀਤਾ ਗਿਆ।
ਇਸ ਮੌਕੇ ਕਸਟਮ ਦੇ ਅਧਿਕਾਰੀਆਂ ਤੋਂ ਇਲਾਵਾ ਹਰਦੇਵ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਅੰਮ੍ਰਿਤਸਰ ਅਤੇ ਗੁਰਬੀਰ ਸਿੰਘ ਸੀਨੀਅਰ ਅਫ਼ਸਰ ਮੱਛੀ ਪਾਲਣ ਵਿਭਾਗ ਅੰਮ੍ਰਿਤਸਰ ਵੀ ਹਾਜ਼ਰ ਸਨ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਮਛੇਰੇ ਕਰਾਚੀ ਸਥਿਤ ਮਲੀਰ ਤੇ ਲਾਂਡੀ ਜ਼ੇਲ੍ਹਾਂ ਵਿੱਚ ਪਿਛਲੇ 18 ਮਹੀਨਿਆਂ ਤੋਂ ਲੈ ਕੇ 30 ਮਹੀਨਿਆਂ ਤੋਂ ਬੰਦ ਸਨ ਜੋ ਭਾਰਤ ਤੋਂ ਸਮੁੰਦਰ ਰਸਤੇ ਮੱਛੀਆਂ ਫੜਦੇ ਹੋਏ ਪਾਕਿਸਤਾਨੀ ਖੇਤਰ ਦੇ ਪਾਣੀਆਂ ਵਿੱਚ ਦਾਖਲ ਹੋਣ ਸਮੇਂ ਗ੍ਰਿਫ਼ਤਾਰ ਕੀਤੇ ਗਏ ਸਨ। ਅਟਾਰੀ ਸਰਹੱਦ ਵਿਖੇ ਭਾਰਤੀ ਮਛੇਰਿਆਂ ਦੀ ਕਸਟਮ ਵਿਭਾਗ ਦੀ ਪ੍ਰਕਿਿਰਆ ਮੁਕੰਮਲ ਹੋਣ ਉਪਰੰਤ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਅੰਮ੍ਰਿਤਸਰ ਦੇ ਅਧਿਕਾਰੀ ਦੇ ਹਵਾਲੇ ਕੀਤਾ ਗਿਆ, ਜਿੱਥੋਂ ਮਛੇਰਿਆਂ ਨੂੰ ਨਾਲ ਲੈ ਕੇ ਰੈੱਡ ਕਰਾਸ ਸੁਸਾਇਟੀ, ਅੰਮ੍ਰਿਤਸਰ ਲਈ ਰਵਾਨਾ ਹੋਏ।