ਲਾਹੌਰ : ਪਾਕਿਸਤਾਨ ਨੇ ਗੁਰੂ ਨਾਨਕ ਦੇਵ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ ਜਿਸ ਦੀ ਕੀਮਤ ਪਾਕਿਸਤਾਨ ਦੇ 55 ਰੁਪਏ ਦੀ ਹੈ। ਇਸ ਸਿੱਕੇ ਦੇ ਇੱਕ ਪਾਸੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੀ ਤਸਵੀਰ ਅਤੇ ਉੱਪਰ ਅਤੇ ਹੇਠਾਂ 555ਵੇਂ ਪ੍ਰਕਾਸ਼ ਪੁਰਬ ਸਮਾਗਮ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ 1469-2024 ਲਿਖਿਆ ਹੋਇਆ ਹੈ। ਇਸ ਸਿੱਕੇ ਵਿਚ ਚੰਨ ਅਤੇ ਤਾਰੇ ਦੀ ਵੀ ਤਸਵੀਰ ਹੈ। ਸਟੇਟ ਬੈਂਕ ਆਫ ਪਾਕਿਸਤਾਨ ਮੁਤਾਬਕ ਇਸ ਸਿੱਕੇ ਵਿੱਚ 79 ਫੀਸਦੀ ਪਿੱਤਲ, 20 ਫੀਸਦੀ ਜ਼ਿੰਕ ਅਤੇ 1 ਫੀਸਦੀ ਨਿੱਕਲ ਹੈ। ਇਸ ਦਾ ਵਿਆਸ 30 ਐਮਐਮ ਅਤੇ ਵਜ਼ਨ 13.5 ਗ੍ਰਾਮ ਹੈ।

ਦੂਜੇ ਪਾਸੇ ਇੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਭਾਰਤ ਤੋਂ ਆਏ 2500 ਤੋਂ ਵੱਧ ਸਿੱਖ ਸ਼ਰਧਾਲੂ ਵੀ ਆਪਣੇ ਘਰਾਂ ਲਈ ਰਵਾਨਾ ਹੋ ਗਏ ਹਨ। ਇੱਥੇ 14 ਨਵੰਬਰ ਨੂੰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਚ ਹੋਈ ਸੀ ਜਿੱਥੇ ਸਿੱਖ ਧਰਮ ਦੇ ਬਾਨੀ ਦਾ ਜਨਮ ਹੋਇਆ ਸੀ।