ਇਸਲਾਮਾਬਾਦ, 29 ਸਤੰਬਰ
ਪਾਕਿਸਤਾਨ ਦੀ ਇੱਕ ਅਦਾਲਤ ਨੇ ਨਵ-ਨਿਯੁਕਤ ਵਿੱਤ ਮੰਤਰੀ ਇਸਹਾਕ ਡਾਰ ਨੂੰ ਭਗੌੜਾ ਐਲਾਨਨ ਦਾ ਆਪਣਾ ਪੰਜ ਸਾਲ ਪੁਰਾਣਾ ਫ਼ੈਸਲਾ ਬਦਲ ਦਿੱਤਾ ਹੈ। ਅਦਾਲਤ ਦਾ ਇਹ ਫ਼ੈਸਲਾ ਡਾਰ ਵੱਲੋਂ ਪੇਸ਼ ਹੋ ਕੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਕੇਸ ਦਾ ਸਾਹਮਣਾ ਕਰਨ ਦਾ ਹਲਫ਼ਨਾਮਾ ਦਿੱਤੇ ਜਾਣ ਮਗਰੋਂ ਆਇਆ ਹੈ। ਬੁੱਧਵਾਰ ਨੂੰ ਇਸਹਾਕ ਡਾਰ ਵੱਲੋਂ ਪੇਸ਼ ਵਕੀਲ ਹਸਨ ਕਾਜ਼ੀ ਨੇ ਜਵਾਬਦੇਹੀ ਅਦਾਲਤ ਦੇ ਜਸਟਿਸ ਮਿਸਬਾਹ-ਉਲ ਬਸ਼ੀਰ ਤੋਂ 72 ਸਾਲਾ ਮੰਤਰੀ ਨੂੰ ਜ਼ਮਾਨਤ ਅਰਜ਼ੀ ਦਾਇਰ ਕਰਨ ਦੀ ਬਜਾਏ ਅਪਰਾਧਕ ਪ੍ਰਕਿਰਿਆ ਕੋਡ ਤਹਿਤ ਮੁਚੱਲਕਾ ਭਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ ਸੀ। ‘ਡਾਅਨ’ ਅਖ਼ਬਾਰ ਦੇ ਰਿਪੋਰਟ ਮੁਤਾਬਕ ਅਦਾਲਤ ਨੇ ਅਪੀਲ ’ਤੇ ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਨੂੰ ਨੋਟਿਸ ਜਾਰੀ ਕਰਕੇ 7 ਅਕਤੂਬਰ ਤੱਕ ਜਵਾਬ ਮੰਗਿਆ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਸਾਹਮਣਾ ਕਰ ਰਹੇ ਇਸਹਾਕ ਡਾਰ ਪੰਜ ਸਾਲਾਂ ਦੇ ਸਵੈ-ਜਲਾਵਤਨ ਮਗਰੋਂ ਸੋਮਵਾਰ ਨੂੰ ਬਰਤਾਨੀਆ ਤੋਂ ਪਾਕਿਸਤਾਨ ਮੁੜੇ ਸਨ। ਦੱਸਣਯੋਗ ਹੈ ਕਿ ਜਵਾਬਦੇਹੀ ਅਦਾਲਤ ਨੇ 11 ਦਸੰਬਰ 2017 ਨੂੰ ਇਸਹਾਕ ਡਾਰ ਨੂੰ ਭਗੌੜਾ ਐਲਾਨਿਆ ਸੀ।