ਆਪ੍ਰੇਸ਼ਨ ਸਿੰਦੂਰ ਦੌਰਾਨ ਹੋਏ ਹਵਾਈ ਹਮਲੇ ਦੇ ਬਾਅਦ ਬੁੱਧਵਾਰ ਨੂੰ ਪਾਕਿਸਤਾਨ ਵੱਲੋਂ ਭਾਰੀ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਇੱਕ ਭਾਰਤੀ ਫੌਜੀ ਜਵਾਨ ਸ਼ਹੀਦ ਹੋ ਗਿਆ ਅਤੇ ਚਾਰ ਹੋਰ ਫੌਜ ਦੇ ਜਵਾਨ ਜ਼ਖਮੀ ਹੋਏ। ਭਾਰਤੀ ਫੌਜ ਨੇ ਐਕਸ ‘ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਕਿ ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਅਤੇ ਭਾਰਤੀ ਫੌਜ ਦੇ ਸਾਰੇ ਅਧਿਕਾਰੀ ਲਾਂਸ ਨਾਇਕ ਦਿਨੇਸ਼ ਕੁਮਾਰ ਦੇ ਬਲੀਦਾਨ ਨੂੰ ਨਮਨ ਕਰਦੇ ਹਨ, ਜਿਨ੍ਹਾਂ ਨੇ 7 ਮਈ ਨੂੰ ਕੰਟਰੋਲ ਰੇਖਾ ‘ਤੇ ਪਾਕਿਸਤਾਨੀ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਦੌਰਾਨ ਆਪਣੀ ਜਾਨ ਵਾਰ ਦਿੱਤੀ।
ਲਾਂਸ ਨਾਇਕ ਦਿਨੇਸ਼ ਕੁਮਾਰ ਦੀ ਮ੍ਰਿਤਕ ਦੇਹ ਦਿੱਲੀ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਹਰਿਆਣਾ ਦੇ ਪਲਵਲ ‘ਚ ਕੀਤਾ ਜਾਵੇਗਾ। 32 ਸਾਲਾ ਦਿਨੇਸ਼ ਪੁੰਛ-ਰਾਜੌਰੀ ਸਰਹੱਦ ‘ਤੇ ਤਾਇਨਾਤ ਸਨ। ਦਿਨੇਸ਼ ਦੇ ਦੋ ਸਕੇ ਭਰਾ ਅਤੇ ਤਿੰਨ ਚਚੇਰੇ ਭਰਾ ਵੀ ਫੌਜ ਵਿੱਚ ਸੇਵਾ ਨਿਭਾ ਰਹੇ ਹਨ।
ਸ਼ਹੀਦ ਦੇ ਪਿਤਾ ਦਯਾਚੰਦ ਨੇ ਆਪਣੇ ਪੁੱਤਰ ‘ਤੇ ਮਾਣ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕੀਤੀ। ਦਿਨੇਸ਼ ਦੇ ਦੋ ਨੰਨੇ ਬੱਚੇ ਹਨ – 5 ਸਾਲਾ ਪੁੱਤਰ ਦਰਸ਼ਨ ਅਤੇ ਸੱਤ ਸਾਲਾ ਧੀ ਕਾਵਿਆ, ਜਿਨ੍ਹਾਂ ਨੂੰ ਸ਼ਹੀਦ ਦੇ ਪਿਤਾ ਭਵਿੱਖ ਵਿੱਚ ਦੇਸ਼ ਦੀ ਸੇਵਾ ਲਈ ਤਿਆਰ ਕਰਣਗੇ। ਦਿਨੇਸ਼ ਦਾ ਛੋਟਾ ਭਰਾ ਕਪਿਲ ਜੰਮੂ-ਕਸ਼ਮੀਰ ਵਿੱਚ ਅਤੇ ਹੋਰ ਭਰਾ ਹਰਦੱਤ ਭੋਪਾਲ ਵਿੱਚ ਤਾਇਨਾਤ ਹਨ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਕਸ ‘ਤੇ ਲਿਖਿਆ ਕਿ, “ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਜੰਮੂ-ਕਸ਼ਮੀਰ ਦੇ ਪੁੰਛ ‘ਚ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਭਾਰਤ ਮਾਤਾ ਦੇ ਬਹਾਦਰ ਪੁੱਤਰ ਦਿਨੇਸ਼ ਕੁਮਾਰ ਸ਼ਰਮਾ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਸਾਰੀ ਕੌਮ ਤੁਹਾਡੇ ਬਲੀਦਾਨ ‘ਤੇ ਮਾਣ ਕਰਦੀ ਹੈ। ਤੁਹਾਡੀ ਸ਼ਹਾਦਤ ਨੂੰ ਕਦੇ ਨਹੀਂ ਭੁੱਲਿਆ ਜਾਵੇਗਾ। ਮੈਂ ਸਲਾਮ ਕਰਦਾ ਹਾਂ।”