ਫ਼ਰੀਦਕੋਟ, 21 ਦਸੰਬਰ
ਸੱਤ ਮਹੀਨਿਆਂ ਤੋਂ ਇੱਥੋਂ ਦੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਗੂੰਗੇ-ਬੋਲੇ ਪਾਕਿਤਸਾਨੀ ਬੱਚੇ ਜਾਵੇਦ ਹੁਸੈਨ ਇਕਬਾਲ ਦੇ ਮਾਪਿਆਂ ਨੂੰ ਭਾਰਤ ਸਰਕਾਰ ਨੇ ਵਾਹਗਾ ਬਾਰਡਰ ਰਾਹੀਂ ਭਾਰਤ ਆਉਣ ਲਈ ਵੀਜ਼ਾ ਦੇ ਦਿੱਤਾ ਹੈ। ਜਾਵੇਦ ਹੁਸੈਨ ਦੀ ਮਾਂ ਇਸ਼ਰਤ ਬੀਬੀ ਅਤੇ ਪਿਤਾ ਇਕਬਾਲ ਹੁਸੈਨ 22 ਦਸੰਬਰ ਨੂੰ ਵਾਹਗਾ ਬਾਰਡਰ ’ਤੇ ਜਾਵੇਦ ਹੁਸੈਨ ਦੀ ਸ਼ਨਾਖਤ ਕਰਨਗੇ। ਜੇਕਰ ਉਨ੍ਹਾਂ 22 ਦਸੰਬਰ ਨੂੰ ਆਪਣੇ ਲੜਕੇ ਨੂੰ ਪਹਿਚਾਣ ਲਿਆ ਤਾਂ ਉਸੇ ਦਿਨ ਜਾਵੇਦ ਹੁਸੈਨ ਨੂੰ ਪਾਕਿਸਤਾਨ ਦਾ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ।
ਵਿਦੇਸ਼ ਵਿਭਾਗ ਨੇ ਸੂਬੇ ਦੇ ਗ੍ਰਹਿ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ 22 ਦਸੰਬਰ ਨੂੰ ਜਾਵੇਦ ਹੁਸੈਨ ਨੂੰ ਵਾਹਗਾ ਬਾਰਡਰ ’ਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਸਾਹਮਣੇ ਪੇਸ਼ ਕੀਤਾ ਜਾਵੇ। ਇਸ ਹਦਾਇਤ ਤੋਂ ਬਾਅਦ ਜਾਵੇਦ ਹੁਸੈਨ ਦੀ ਵਾਹਗਾ ਫੇਰੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇੱਕ ਦਿਨ ਪਹਿਲਾਂ ਹੀ ਜੁਵੇਨਾਇਲ ਜਸਟਿਸ ਬੋਰਡ ਨੇ ਜਾਵੇਦ ਹੁਸੈਨ ਖ਼ਿਲਾਫ਼ ਦਰਜ ਕੇਸ ’ਚੋਂ ਉਸ ਨੂੰ ਬਰੀ ਕਰ ਦਿੱਤਾ। ਭਾਰਤ ਸਰਕਾਰ 30 ਦਸੰਬਰ ਤੋਂ ਪਹਿਲਾਂ ਜਾਵੇਦ ਹੁਸੈਨ ਨੂੰ ਉਸ ਦੇ ਮੁਲਕ ਵਾਪਸ ਭੇਜਣਾ ਚਾਹੁੰਦੀ ਹੈ। ਜਾਵੇਦ ਹੁਸੈਨ ਦੇ ਹਮਵਤਨੀ ਅਲੀ ਰਜ਼ਾ ਖ਼ਿਲਾਫ਼ ਵੀ ਭਾਰਤ ਵਿੱਚ ਬਿਨਾਂ ਵੀਜ਼ਾ ਆਉਣ ਦਾ ਕੇਸ ਦਰਜ ਸੀ ਜਿਸਨੂੰ ਭਾਰਤ ਸਰਕਾਰ ਦੀਆਂ ਹਦਾਇਤਾਂ ‘ਤੇ ਕੁਝ ਚਿਰ ਪਹਿਲਾਂ ਹੀ ਰਿਹਾਅ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਪਹਿਲਾਂ ਅਲੀ ਰਜ਼ਾ ਰਾਹੀਂ ਜਾਵੇਦ ਦੀ ਪਹਿਚਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।