ਇਸਲਾਮਾਬਾਦ, 10 ਦਸੰਬਰ

ਪਾਕਿਸਤਾਨ ਦੀ ਅਦਾਲਤ ਨੇ ਦੇਸ਼ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੂੰ ਨਸ਼ਾ ਤਸਕਰੀ ਕੇਸ ਵਿੱਚੋਂ ਅੱਜ ਬਰੀ ਕਰ ਦਿੱਤਾ। ਇਹ ਕੇਸ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਸਨਾਉੱਲ੍ਹਾ ਸੱਤਾਧਾਰੀ ਪੀਐੱਮਐੱਲ-ਐੱਨ ਦੇ ਸੁਪਰੀਮੋ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵੀ ਕਰੀਬੀ ਹਨ। ਐਂਟੀ-ਨਾਰਕੋਟਿਕਸ ਫੋਰਸ (ਏਐੱਨਐੱਫ) ਲਾਹੌਰ ਦੀ ਟੀਮ ਨੇ ਉਨ੍ਹਾਂ ਨੂੰ ਜੁਲਾਈ 2019 ਵਿੱਚ ਰਵੀ ਟੌਲ ਪਲਾਜ਼ਾ ਨੇੜਿਓਂ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਏਐੱਨਐੱਫ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਵਾਹਨ ਵਿੱਚੋਂ 15 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਉਸ ਨੇ ਸਨਾਉੱਲ੍ਹਾ ਦੇ ਡਰਾਈਵਰ ਅਤੇ ਸੁਰੱਖਿਆ ਮੁਲਾਜ਼ਮਾਂ ਸਣੇ ਪੰਜ ਜਣਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।