ਲਾਹੌਰ, 3 ਜਨਵਰੀ
ਪਾਕਿਸਤਾਨ ਦੇ ਆਲਰਾਊਂਡਰ ਅਤੇ ਖੇਡ ਦੇ ਹਰੇਕ ਸਰੂਪ ਵਿਚ ਦੇਸ਼ ਦੀ ਕਪਤਾਨੀ ਕਰਨ ਵਾਲੇ ਮੁਹੰਮਦ ਹਫ਼ੀਜ਼ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਹਫ਼ੀਜ਼ ਨੇ ਕਿਹਾ ਕਿ ਉਸ ਨੇ ਲਗਪਗ ਦੋ ਦਹਾਕਿਆਂ ਤੱਕ ਚੱਲੇ ਆਪਣੇ ਕਰੀਅਰ ਦੌਰਾਨ ਆਸ ਨਾਲੋਂ ਵੱਧ ਹਾਸਲ ਕੀਤਾ। ਇਸ 41 ਸਾਲਾ ਖਿਡਾਰੀ ਨੇ 2018 ਵਿਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਹਫ਼ੀਜ਼ ਨੇ ਪਾਕਿਸਤਾਨ ਵੱਲੋਂ 392 ਕੌਮਾਂਤਰੀ ਮੈਚ ਖੇਡੇ ਜਿਨ੍ਹਾਂ ਵਿਚ 12,789 ਦੌੜਾਂ ਬਣਾਈਆਂ ਅਤੇ 253 ਵਿਕਟਾਂ ਲਈਆਂ। ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਜਾਰੀ ਬਿਆਨ ਵਿਚ ਹਫ਼ੀਜ਼ ਨੇ ਕਿਹਾ, ‘‘ਮਾਣ ਅਤੇ ਸੰਤੁਸ਼ਟੀ ਨਾਲ ਅੱਜ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਰਿਹਾ ਹਾਂ। ਅਸਲ ਵਿਚ ਮੈਂ ਜਿੰਨਾ ਸ਼ੁਰੂ ਵਿਚ ਸੋਚਿਆ ਸੀ ਉਸ ਨਾਲੋਂ ਕਿਤੇ ਵੱਧ ਹਾਸਲ ਕੀਤਾ ਹੈ ਅਤੇ ਇਸ ਲਈ ਮੈਂ ਆਪਣੇ ਸਾਰੇ ਸਾਥੀ ਕ੍ਰਿਕਟਰਾਂ, ਕਪਤਾਨਾਂ, ਸਹਿਯੋਗੀ ਸਟਾਫ਼ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦਾ ਧੰਨਵਾਦੀ ਹਾਂ।’’