ਨਵੀਂ ਦਿੱਲੀ, 25 ਜਨਵਰੀ
ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਹਾਰਦਿਕ ਪਾਂਡਿਆਂ ਤੇ ਕੇ ਐਲ ਰਾਹੁਲ ਤੋਂ ਅੱਜ ਤੁਰੰਤ ਪ੍ਰਭਾਵ ਪਾਬੰਦੀ ਹਟਾ ਲਈ ਗਈ ਹੈ। ਦੋਵਾਂ ਖਿਡਾਰੀਆਂ ਵੱਲੋਂ ਇੱਕ ਟੀਵੀ ਸ਼ੋਅ ਦੌਰਾਨ ਔਰਤਾਂ ਸਬੰਧੀ ਕੀਤੀਆਂ ਘਟੀਆਂ ਟਿੱਪਣੀਆਂ ਕਾਰਨ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਆਸਟਰੇਲੀਆ ਦੌਰੇ ਤੋਂ ਭਾਰਤ ਭੇਜ ਦਿੱਤਾ ਸੀ।ਕਾਰਜਕਾਰੀ ਅਧਿਕਾਰੀਆਂ ਦੀ ਕਮੇਟੀ (ਸੀਈਓਜ਼ ਕਮੇਟੀ) ਨੇ ਕਾਨੂੰਨੀ ਸਲਾਹਕਾਰ ਪੀ ਐੱਸ ਨਿਰਸਿਮਹਾ ਦੇ ਨਾਲ ਸਲਾਹ ਮਸ਼ਵਰਾ ਕਰਨ ਬਾਅਦ ਇਹ ਫੈਸਲਾ ਕੀਤਾ ਹੈ। ਦੋਵਾਂ ਖਿਡਾਰੀਆਂ ਵਿਰੁੱਧ ਜਾਂਚ ਚਲਦੀ ਹੋਣ ਤੱਕ ਇਹ ਫੈਸਲਾ ਲਾਗੂ ਰਹੇਗਾ। ਜਾਂਚ ਦੇ ਲਈ ਹਾਈ ਕੋਰਟ ਨੇ ਲੋਕਪਾਲ ਨੂੰ ਨਿਯੁਕਤ ਕਰਨਾ ਹੈ। ਇਹ ਮਾਮਲੇ ਦੀ ਸੁਣਵਾਈ ਅਦਾਲਤ ਨੇ 5 ਫਰਵਰੀ ਨੂੰ ਤੈਅ ਕੀਤੀ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜਾਰੀ ਬਿਆਨ ਵਿਚ ਸੀਈਓਜ਼ ਨੇ ਕਿਹਾ ਹੈ ਕਿ ਖਿਡਾਰੀਆਂ ਦੀ ਮੁਅੱਤਲੀ ਖਤਮ ਕਰਨ ਦਾ ਫੈਸਲਾ ਕਾਨੂੰਨੀ ਸਲਾਹਕਾਰ ਪੀ ਐੱਸ ਨਿਰਸਿਮਹਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਿਆ ਗਿਆ ਹੈ। ਹੁਣ ਪਾਂਡਿਆ ਵੱਲੋਂ ਨਿਊਜ਼ੀਲੈਂਡ ਦੌਰੇ ਦੌਰਾਨ ਟੀਮ ਦੇ ਨਾਲ ਜੁੜਨ ਦੀ ਸੰਭਾਵਨਾ ਬਣ ਗਈ ਹੈ।