ਡੰਬੁਲਾ, ਬਿਹਤਰੀਨ ਫਾਰਮ ਵਿੱਚ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਨਾਬਾਦ ਸੈਂਕੜੇ ਅਤੇ ਉਸ ਦੀ ਕਪਤਾਨ ਵਿਰਾਟ ਕੋਹਲੀ ਨਾਲ ਅਟੁੱਟ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ ਭਾਰਤ ਨੇ ਅੱਜ ਇੱਥੇ ਪਹਿਲੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ 127 ਗੇਂਦਾਂ ਬਾਕੀ ਰਹਿੰਦੇ ਹੋਏ ਨੌਂ ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ।
ਟੈਸਟ ਲੜੀ ਵਿੱਚ 3-0 ਤੋਂ ਕਲੀਨ ਸਵੀਪ ਕਰਨ ਵਾਲੀ ਭਾਰਤੀ ਟੀਮ ਦੇ ਸਾਹਮਣੇ 217 ਦੌੜਾਂ ਦਾ ਆਸਾਨ ਟੀਚਾ ਸੀ ਅਤੇ ਅਜਿਹੇ ਵਿੱਚ ਧਵਨ ਨੇ ਸ੍ਰੀਲੰਕਾਈ ਗੇਂਦਬਾਜ਼ਾਂ ਨੂੰ ਸਬਕ ਸਿਖਾਉਣ ਦੀ ਮੁਹਿੰਮ ਜਾਰੀ ਰੱਖੀ। ਟੈਸਟ ਲੜੀ ਵਿੱਚ ਦੂਹਰਾ ਸੈਂਕੜੇ ਬਣਾਉਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਧਵਨ ਨੇ 90 ਗੇਂਦਾਂ ’ਤੇ 20 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਨਾਬਾਦ 132 ਦੌੜਾਂ ਬਣਾਈਆਂ। ਕਪਤਾਨ ਵਿਰਾਟ ਕੋਹਲੀ (70 ਗੇਂਦਾਂ ’ਤੇ ਨਾਬਾਦ 82 ਦੌੜਾਂ) ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਆਪਣੀ ਪਾਰੀ ਵਿੱਚ 10 ਚੌਕੇ ਤੇ ਇਕ ਛੱਕਾ ਲਾਇਆ। ਇਨ੍ਹਾਂ ਦੋਹਾਂ ਨੇ ਦੂਜੇ ਵਿਕਟ ਲਈ ਰਿਕਾਰਡ 197 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤ ਨੇ ਸਿਰਫ 28.5 ਓਵਰਾਂ ਵਿੱਚ 220 ਦੌੜਾਂ ਬਣਾ ਕੇ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾਈ।
ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਲਈ ਉਤਰਿਆ ਸ੍ਰੀਲੰਕਾ ਕੁਝ ਸਮਾਂ ਚੰਗੀ ਸਥਿਤੀ ਵਿੱਚ ਦਿਸਿਆ। ਨਿਰੋਸ਼ਨ ਡਿਕਲੇਵਾ(65) ਤੇ ਧਨੁਸ਼ਕਾ ਗੁਣਤਿਲਕਾ(35) ਨੇ ਪਹਿਲੇ ਵਿਕਟ ਲਈ 74 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਡਿਕਲੇਵਾ ਨੇ ਕੁਸਾਲ ਮੈਂਡਿਸ (36) ਨਾਲ ਵੀ ਦੂਜੇ ਵਿਕਟ ਲਈ 65 ਦੌੜਾਂ ਜੋੜੀਆਂ ਪਰ ਇਸ ਸਲਾਮੀ ਬੱਲੇਬਾਜ਼ ਦੇ ਆਊਟ ਹੋਣ ਮਗਰੋਂ ਸ੍ਰੀਲੰਕਾ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਈ। ਉਸ ਨੇ 77 ਦੌੜਾਂ ਦੇ ਅੰਦਰ ਨੌਂ ਵਿਕਟਾਂ ਗੁਆਈਆਂ ਅਤੇ ਪੂਰੀ ਟੀਮ 43.2 ਓਵਰਾਂ ਵਿੱਚ 216 ਦੌੜਾਂ ’ਤੇ ਸਿਮਟ ਗਈ। ਸਾਬਕਾ ਕਪਤਾਨ ਐਂਜੇਲੋ ਮੈਥਿਊਜ਼ 36 ਦੌੜਾਂ ਬਣਾ ਕੇ ਨਾਬਾਦ ਰਿਹਾ।
ਪਿਛਲੇ ਸਾਲ ਅਕਤੂਬਰ ਤੋਂ ਬਾਅਦ ਪਹਿਲਾ ਕੌਮਾਂਤਰੀ ਮੈਚ ਖੇਡ ਰਹੇ ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਨੇ ਦਸ ਓਵਰਾਂ ਵਿੱਚ 34 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜੋ ਉਸ ਦੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਵੀ ਹੈ। ਕੰਮਚਲਾਊ ਸਪਿੰਨਰ ਕੇਦਾਰ ਜਾਧਵ (26 ਦੌੜਾਂ ਦੇ ਕੇ ਦੋ ਵਿਕਟਾਂ) ਨੇ ਫਿਰ ਤੋਂ ਅਹਿਮ ਮੌਕੇ ’ਤੇ ਸਫ਼ਲਤਾ ਦਿਵਾਈ ਜਦੋਂਕਿ ਜਸਪ੍ਰੀਤ ਬੁਮਰਾਹ (22 ਦੌੜਾਂ ਦੇ ਕੇ ਦੋ ਵਿਕਟਾਂ) ਨੇ ਮੁੜ ਪ੍ਰਭਾਵ ਛੱਡਿਆ। ਲੈੱੱਗ ਸਪਿੰਨਰ ਯੁਜਵੇਂਦਰ ਚਹਿਲ ਨੇ 60 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਸ੍ਰੀਲੰਕਾਈ ਕ੍ਰਿਕਟ ਪ੍ਰੇਮੀ ਵੱਡੀ ਗਿਣਤੀ ਵਿੱਚ ਸਟੇਡੀਅਮ ਪਹੁੰਚੇ ਹੋਏ ਸਨ।
ਧਵਨ ਤੇ ਕੋਹਲੀ ਦੇ ਸ਼ਾਨਦਾਰ ਤਾਲਮੇਲ ਨਾਲ ਭਾਰਤ ਨੇ 127 ਗੇਂਦਾਂ ਬਾਕੀ ਰਹਿੰਦੇ ਹੋਏ ਜਿੱਤ ਦਰਜ ਕੀਤੀ। ਭਾਰਤ ਨੇ 200 ਤੋਂ ਜ਼ਿਆਦਾ ਦਾ ਟੀਚਾ ਸਭ ਤੋਂ ਘੱਟ ਗੇਂਦਾ ਵਿੱਚ ਹਾਸਲ ਕਰਕੇ ਆਪਣਾ ਨਵਾਂ ਰਿਕਾਰਡ ਬਣਾਇਆ। ਇਹੀ ਨਹੀਂ ਇਨ੍ਹਾਂ ਦੋਹਾਂ ਨੇ ਦੂਜੇ ਵਿਕਟ ਲਈ 197 ਦੌੜਾਂ ਜੋੜੀਆਂ ਜੋ ਸ੍ਰੀਲੰਕਾ ਖ਼ਿਲਾਫ਼ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਤੇ ਗੌਤਮ ਗੰਭੀਰ ਨੇ 2009 ਵਿੱਚ ਕੋਲੰਬੋ ਵਿੱਚ 188 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਧਵਨ ਸ਼ੁਰੂ ਤੋਂ ਹੀ ਗੇਂਦਬਾਜ਼ਾਂ ’ਤੇ ਹਾਵੀ ਹੋਣ ਦੇ ਮੂਡ ਵਿੱਚ ਸੀ। ਲਸਿਥ ਮਲਿੰਗਾ ’ਤੇ ਕਵਰ ਡਰਾਈਵ ਤੋਂ ਲਾਏ ਗਏ ਉਸ ਦੇ ਦੋ ਖ਼ੂਬਸੂਰਤ ਚੌਕੇ ਇਸ ਦੇ ਸਬੂਤ ਹਨ ਪਰ ਉਸ ਦੇ ਸਾਥੀ ਰੋਹਿਤ ਸ਼ਰਮਾ(04) ਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਅਤੇ ਬੱਲਾ ਹੱਥ ਤੋਂ ਛੁਟਣ ਕਰਕੇ ਉਹ ਆਊਟ ਹੋ ਗਿਆ। ਕੋਹਲੀ ਨੇ ਧਵਨ ਨਾਲ ਆਪਣੇ ਅੰਦਾਜ਼ ਵਿੱਚ ਪਾਰੀ ਨੂੰ ਅੱਗੇ ਵਧਾਇਆ। ਧਵਨ ਨੇ ਲਕਸ਼ਮਣ ਸੰਦਾਕਨ ਦੀ ਗੇਂਦ ’ਤੇ ਮਿੱਡ ਵਿਕਟ ’ਤੇ ਛੱਕਾ ਮਾਰ ਕੇ ਕੇਵਲ 36 ਗੇਂਦਾਂ ’ਤੇ ਅਰਧ ਸੈਂਕੜਾ ਪੂਰਾ ਕੀਤਾ ਅਤੇ ਫਿਰ ਮਲਿੰਗਾ ਦੀ ਗੇਂਦ ’ਤੇ ਵੀ ਲਾਂਗ ਲੈੱਗ ’ਤੇ ਛੇ ਦੌੜਾਂ ਲਈ ਭੇਜੀ। ਇਸ ਤੋਂ ਬਾਅਦ ਵੀ ਪਾਰੀ ਧਵਨ ਦੇ ਆਲੇ ਦੁਆਲੇ ਘੁੰਮਦੀ ਰਹੀ ਅਤੇ ਕੋਹਲੀ ਉਸ ਦਾ ਮਜ਼ਾ ਲੈਂਦਾ ਰਿਹਾ। ਧਵਨ ਜਦੋਂ 50 ਦੌੜਾਂ ’ਤੇ ਪਹੁੰਚਿਆ ਤਾਂ ਕੋਹਲੀ 28 ਦੌੜਾਂ ’ਤੇ ਖੇਡ ਰਿਹਾ ਸੀ ਪਰ ਇਹ ਸਲਾਮੀ ਬੱਲੇਬਾਜ਼ ਆਪਣੇ ਕਪਤਾਨ ਦਾ ਅਰਧਸੈਂਕੜਾ ਪੂਰਾ ਕਰਨ ਤੋਂ ਪਹਿਲਾਂ ਸੈਂਕੜੇ ਤੱਕ ਪਹੁੰਚ ਗਿਆ ਸੀ। ਧਵਨ ਜਦੋਂ 87 ਦੌੜਾਂ ’ਤੇ ਸੀ ਤਾਂ ਉਸ ਨੂੰ ਜੀਵਨਦਾਨ ਮਿਲਿਆ ਅਤੇ ਉਸ ਨੇ ਇਸ ਦਾ ਪੂਰਾ ਫਾਇਦਾ ਉਠਾ ਕੇ ਲੈੱਗ ਸਪਿੰਨਰ ਵਾਨਿੰਦੂ ਡਿਸਿਲਵਾ ਦੇ ਅਗਲੇ ਓਵਰ ਵਿੱਚ ਤਿੰਨ ਚੌਕੇ ਲਾ ਕੇ ਆਪਣਾ 11ਵਾਂ ਸੈਂਕੜਾ ਪੂਰਾ ਕਰ ਦਿੱਤਾ। ਇਸ ਦੇ ਵਾਸਤੇ ਉਸ ਨੇ 71 ਗੇਂਦਾਂ ਖੇਡੀਆਂ ਅਤੇ ਇਸ ਤਰ੍ਹਾਂ ਭਾਰਤ ਵੱਲੋਂ ਸ੍ਰੀਲੰਕਾ ਖ਼ਿਲਾਫ਼ ਦੂਜਾ ਸਭ ਤੋਂ ਤੇਜ਼ ਸੈਂਕੜਾ ਲਾਇਆ। ਰਿਕਾਰਡ ਵੀਰੇਂਦਰ ਸਹਿਵਾਗ ਦੇ ਨਾਂ ’ਤੇ ਹੈ ਜਿਸ ਨੇ 2009 ਵਿੱਚ ਰਾਜਕੋਟ ਵਿੱਚ 66 ਗੇਂਦਾਂ ’ਤੇ ਸੈਂਕੜਾ ਪੂਰਾ ਕੀਤਾ ਸੀ। ਧਵਨ ਦਾ ਇਹ ਕਰੀਅਰ ਦਾ ਸਭ ਤੋਂ ਤੇਜ਼ ਸੈਂਕੜਾ ਵੀ ਹੈ। ਕੋਹਲੀ ਨੇ ਅਗਲੇ ਓਵਰ ਵਿੱਚ ਆਪਣਾ 44ਵਾਂ ਇਕ ਰੋਜ਼ਾ ਅਰਧ ਸੈਂਕੜਾ ਪੂਰਾ ਕੀਤਾ ਜਿਸ ਵਾਸਤੇ ਉਸ ਨੇ 50 ਗੇਂਦਾਂ ਖੇਡੀਆਂ। ਧਵਨ ਦਾ 118 ਦੇ ਨਿੱਜੀ ਯੋਗ ’ਤੇ ਫਿਰ ਤੋਂ ਕੈਚ ਛੁਟਿਆ ਪਰ ਇਸ ਵਾਰ ਇਸ ਦਾ ਜ਼ਸਨ ਕੋਹਲੀ ਨੇ ਅਗਲੇ ਓਵਰ ਵਿੱਚ ਸੰਦਾਕਨ ਦੀ ਗੇਂਦ ’ਤੇ ਦੋ ਚੌਕੇ ਅਤੇ ਇਕ ਛੱਕਾ ਲਾ ਕੇ ਮਨਾਇਆ। ਇਸ ਤੋਂ ਪਹਿਲਾਂ ਕੋਹਲੀ ਨੇ ਦੌਰੇ ਵਿੱਚ ਲਗਾਤਾਰ ਚੌਥੀ ਵਾਰ ਟਾਸ ਜਿੱਤਿਆ ਅਤੇ ਪਹਿਲਾਂ ਫੀਲਡਿੰਗ ਦਾ ਫੈਸਲਾ ਲਿਆ। ਡਿਕਵੇਲਾ ਤੇ ਗੁਣਤਿਲਕਾ ਨੇ ਸ਼ੁਰੂ ਵਿੱਚ ਚੌਕਸੀ ਦਿਖਾਈ ਪਰ ਬਾਅਦ ਵਿੱਚ ਕੁਝ ਚੰਗੇ ਸ਼ਾਟ ਲਾਏ। ਪਹਿਲੇ ਦਸ ਓਵਰਾਂ ਤੋਂ ਬਾਅਦ ਸਕੋਰ ਬਿਨਾਂ ਕਿਸੇ ਨੁਕਸਾਨ ਤੋਂ 55 ਦੌੜਾਂ ਸੀ ਪਰ ਜਾਧਵ ਦੇ ਗੇਂਦ ਸੰਭਾਲਣ ਤੋਂ ਬਾਅਦ ਵਿਕਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ।