ਸਿਡਨੀ, 4 ਮਾਰਚ
ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬਰੈੱਟ ਲੀ ਦਾ ਮੰਨਣਾ ਹੈ ਕਿ ਭਾਰਤ ਪਹਿਲੀ ਵਾਰ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਏਗਾ। ਉਸ ਨੇ ਇਸ ਦਾ ਕਾਰਨ ਟੀਮ ਵਿੱਚ 16 ਸਾਲ ਦੀ ਸ਼ੈਫਾਲੀ ਵਰਮਾ ਵਰਗੀਆਂ ਸਟਾਰ ਖਿਡਾਰਨਾਂ ਦੀ ਮੌਜੂਦਗੀ ਨੂੰ ਦੱਸਿਆ। ਸ਼ੈਫਾਲੀ ਤੋਂ ਇਲਾਵਾ ਮੌਜੂਦਾ ਟੂਰਨਾਮੈਂਟ ਵਿੱਚ ਮਾਹਿਰ ਲੈੱਗ ਸਪਿੰਨਰ ਪੂਨਮ ਯਾਦਵ ਨੇ ਭਾਰਤ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਗਰੁੱਪ ਗੇੜ ਵਿੱਚ ਆਪਣੇ ਸਾਰੇ ਚਾਰ ਮੈਚ ਜਿੱਤ ਕੇ ਚੋਟੀ ’ਤੇ ਰਹੀ ਹੈ। ਹੁਣ ਉਹ ਵੀਰਵਾਰ ਨੂੰ ਇੱਥੇ ਸੈਮੀਫਾਈਨਲ ਖੇਡੇਗੀ। ਆਈਸੀਸੀ ਨੇ ਲੀ ਦੇ ਹਵਾਲੇ ਨਾਲ ਕਿਹਾ, ‘‘ਭਾਰਤ ਕਦੇ ਫਾਈਨਲ ਵਿੱਚ ਨਹੀਂ ਪਹੁੰਚਿਆ, ਪਰ ਪਹਿਲਾਂ ਜੋ ਟੀਮਾਂ ਵੇਖੀਆਂ ਹਨ ਇਹ ਉਸ ਦੇ ਮੁਕਾਬਲੇ ਵੱਖਰੀ ਭਾਰਤੀ ਟੀਮ ਹੈ। ਉਸ ਕੋਲ ਸ਼ੈਫਾਲੀ ਵਰਮਾ ਅਤੇ ਪੂਨਮ ਯਾਦਵ ਵਰਗੀਆਂ ਮੈਚ ਜੇਤੂ ਖਿਡਾਰਨਾਂ ਹਨ, ਜੋ ਗੇਂਦ ਅਤੇ ਬੱਲੇ ਨਾਲ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ।’’ ਉਸ ਨੇ ਕਿਹਾ, ‘‘ਸਾਨੂੰ ਪਹਿਲਾਂ ਤੋਂ ਪਤਾ ਸੀ ਕਿ ਉਨ੍ਹਾਂ ਕੋਲ ਦੁਨੀਆ ਦੀਆਂ ਕੁੱਝ ਸਰਵੋਤਮ ਖਿਡਾਰਨਾਂ ਹਨ ਪਰ ਹੁਣ ਹਰਮਨਪ੍ਰੀਤ ਕੌਰ ਕੋਲ ਅਜਿਹੀਆਂ ਖਿਡਾਨਾਂ ਹਨ, ਜੋ ਸੀਨੀਅਰ ਖਿਡਾਰਨਾਂ ਦਾ ਸਾਥ ਦਿੰਦੀਆਂ ਹਨ ਅਤੇ ਉਨ੍ਹਾਂ ਦੇ ਨਾਕਾਮ ਰਹਿਣ ’ਤੇ ਯੋਗਦਾਨ ਪਾਉਂਦੀਆਂ ਹਨ।’’
ਲੀ ਦਾ ਮੰਨਣਾ ਹੈ ਕਿ ਵਿਰੋਧੀ ਟੀਮ ਬਿਹਤਰ ਖੇਡ ਨਾਲ ਹੀ ਭਾਰਤ ਨੂੰ ਪਹਿਲੀ ਵਾਰ ਫਾਈਨਲ ਵਿੱਚ ਪਹੁੰਚਣ ਤੋਂ ਰੋਕ ਸਕਦੀ ਹੈ। ਟੂਰਨਾਮੈਂਟ ਵਿੱਚ 47, 46, 39 ਅਤੇ 29 ਦੌੜਾਂ ਦੀਆਂ ਪਾਰੀਆਂ ਖੇਡਣ ਵਾਲੀ ਸ਼ੈਫਾਲੀ ਦੀ ਪ੍ਰਸ਼ੰਸਾ ਕਰਦਿਆਂ ਲੀ ਨੇ ਕਿਹਾ ਕਿ ਇਹ ਮੁਟਿਆਰ ਖਿਡਾਰੀ ਸੈਮੀਫਾਈਨਲ ਵਿੱਚ ਵੱਡਾ ਸਕੋਰ ਬਣਾਏਗੀ।