ਨਵੀਂ ਦਿੱਲੀ, 29 ਅਗਸਤ
ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਰੋਨਾ ਮਹਾਮਾਰੀ ਕਾਰਨ ਆਨਲਾਈਨ ਕਰਵਾਏ ਸਮਾਗਤ ਦੌਰਾਨ ਦੇਸ਼ ਦੇ ਉਨ੍ਹਾਂ ਖਿਡਾਰੀਆਂ ਨੂੰ ਸਾਲਾਨਾ ਰਾਸ਼ਟਰੀ ਖੇਡ ਪੁਰਸਕਾਰ ਨਾਲ ਸਨਮਾਨਿਤ ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਾਲ ਰਾਸ਼ਟਰੀ ਪੁਰਸਕਾਰ ਲਈ 74 ਖਿਡਾਰੀਆਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿਚੋਂ ਪੰਜ ਨੂੰ ਖੇਡ ਰਤਨ ਅਤੇ 27 ਨੂੰ ਅਰਜੁਨ ਪੁਰਸਕਾਰ ਲਈ ਸਨਮਾਨਿਤ ਕੀਤਾ ਗਿਆ ਸੀ। ਇਨ੍ਹਾਂ ਵਿਚੋਂ 60 ਖਿਡਾਰੀਆਂ ਨੇ ਭਾਰਤ ਦੇ ਸਪੋਰਟਸ ਅਥਾਰਟੀ ਦੇ 11 ਸੈਂਟਰਾਂ ਤੋਂ ਵਰਚੁਅਲ ਈਵੈਂਟ ਵਿਚ ਹਿੱਸਾ ਲਿਆ। ਇਸ ਸਾਲ ਖਿਡਾਰੀਆਂ ਦੇ ਨਕਦ ਇਨਾਮਾਂ ਵਿਚ ਵਾਧਾ ਕੀਤਾ ਗਿਆ ਹੈ। ਅੱਜ ਸਵੇਰੇ ਖੇਲ ਰਤਨ ਦੀ ਇਨਾਮੀ ਰਾਸ਼ੀ ਨੂੰ ਵਧਾ ਕੇ 25 ਲੱਖ ਰੁਪਏ ਕਰ ਦਿੱਤਾ ਗਿਆ, ਜੋ ਪਹਿਲਾਂ 7.5 ਲੱਖ ਰੁਪਏ ਸੀ। ਅਰਜੁਨ ਪੁਰਸਕਾਰ ਪ੍ਰਾਪਤ ਕਰਨ ਲਈ 22 ਖ਼ਿਡਾਰੀ ਆਨਲਾਈਨ ਹੋਏ। ਉਨ੍ਹਾਂ ਨੂੰ 15 ਲੱਖ ਰੁਪਏ ਦਿੱਤੇ ਗਏ। ਇਸ ਪੁਰਸਕਾਰ ਲਈ ਪਹਿਲਾਂ ਇਨਾਮੀ ਰਾਸ਼ੀ 5 ਲੱਖ ਸੀ। ਦ੍ਰੋਣਾਚਾਰੀਆ (ਉਮਰ ਭਰ) ਪੁਰਸਕਾਰਾਂ ਦੀ ਰਾਸ਼ੀ ਪਹਿਲਾਂ ਪੰਜ ਲੱਖ ਸੀ, ਜਿਸ ਨੂੰ ਵਧਾ ਕੇ 15 ਲੱਖ ਕਰ ਦਿੱਤਾ ਗਿਆ ਹੈ। ਧਿਆਨਚੰਦ ਪੁਰਸਕਾਰ ਜੇਤੂਆਂ ਨੂੰ ਪੰਜ ਲੱਖ ਦੀ ਥਾਂ 10 ਲੱਖ ਰੁਪਏ ਦਿੱਤੇ ਗਏ। ਪੁਰਸਕਾਰ ਦੇ 44 ਸਾਲਾਂ ਦੇ ਇਤਿਹਾਸ ਦਾ ਪਹਿਲਾ ਮੌਕਾ ਹੈ ਜਦੋਂ ਸਮਾਗਮ ਲਈ ਜੇਤੂ, ਮਹਿਮਾਨ ਅਤੇ ਪਤਵੰਤੇ ਦਰਬਾਰ ਹਾਲ ਵਿਖੇ ਇਕੱਠੇ ਨਹੀਂ ਹੋ ਸਕੇ।