ਪਰਥ, 16 ਦਸੰਬਰ
ਆਸਟਰੇਲੀਆ ਨੇ ਅੱਜ ਪਰਥ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਟੈਸਟ ਦੇ ਚੌਥੇ ਦਿਨ ਨਿਊਜ਼ੀਲੈਂਡ ਦੀ ਦੂਜੀ ਪਾਰੀ ਨੂੰ 171 ਦੌੜਾਂ ’ਤੇ ਢੇਰ ਕਰਕੇ 296 ਦੌੜਾਂ ਨਾਲ ਜਿੱਤ ਦਰਜ ਕੀਤੀ, ਜੋ ਉਸ ਦੀ ਇਸ ਟੀਮ ਖ਼ਿਲਾਫ਼ ਦੂਜੀ ਵੱਡੀ ਜਿੱਤ ਹੈ। ਪਹਿਲੀ ਪਾਰੀ ਵਿੱਚ 250 ਦੌੜਾਂ ਨਾਲ ਪੱਛੜਣ ਵਾਲੀ ਨਿਊਜ਼ੀਲੈਂਡ ਟੀਮ ਨੂੰ ਦਿਨ-ਰਾਤ ਟੈਸਟ ਮੈਚ ਦੀ ਦੂਜੀ ਪਾਰੀ ਵਿੱਚ ਜਿੱਤ ਲਈ 468 ਦੌੜਾਂ ਦਾ ਟੀਚਾ ਮਿਲਿਆ ਸੀ। ਚੌਥੇ ਦਿਨ ਵਿੱਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਰਿਕਾਰਡ ਵੈਸਟ ਇੰਡੀਜ਼ ਦੇ ਨਾਮ ਹੈ, ਜਿਸ ਨੇ ਸਾਲ 2003 ਵਿੱਚ ਸੇਂਟ ਜੋਨਸ ਵਿੱਚ ਸੱਤ ਵਿਕਟਾਂ ’ਤੇ 418 ਦੌੜਾਂ ਬਣਾ ਕੇ ਆਸਟਰੇਲੀਆ ਨੂੰ ਹਰਾਇਆ ਸੀ।
ਆਸਟਰੇਲੀਆ ਨੇ ਲੰਚ ਤੋਂ ਪਹਿਲਾਂ ਹੀ ਸਲਾਮੀ ਬੱਲੇਬਾਜ਼ ਜੀਤ ਰਾਵਲ ਅਤੇ ਕਪਤਾਨ ਕੇਨ ਵਿਲੀਅਮਸਨ ਦੀਆਂ ਵਿਕਟਾਂ ਲੈ ਲਈਆਂ ਸਨ। ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਇਸ ਮਗਰੋਂ ਮੈਚ ਨੂੰ ਪੰਜਵੇਂ ਦਿਨ ਤੱਕ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਮਿਸ਼ੇਲ ਸਟਾਰਕ ਅਤੇ ਪੈਟ ਕਮਿਨਸ ਨੇ ਉਨ੍ਹਾਂ ਦੀ ਇੱਕ ਨਾ ਚੱਲਣ ਦਿੱਤੀ। ਨਿਊਜ਼ੀਲੈਂਡ ਨੇ ਆਖ਼ਰੀ ਪੰਜ ਵਿਕਟਾਂ 17 ਦੌੜਾਂ ਲੈਣ ਦੇ ਚੱਕਰ ’ਚ ਗੁਆ ਲਈਆਂ, ਜਿਸ ਨਾਲ ਟੀਮ 171 ਦੌੜਾਂ ’ਤੇ ਆਊਟ ਹੋ ਗਈ।
ਆਸਟਰੇਲੀਆ ਨੇ ਇਸ ਮੁਕਾਬਲੇ ਨੂੰ 296 ਦੌੜਾਂ ਨਾਲ ਜਿੱਤਿਆ, ਜੋ ਦੌੜਾਂ ਦੇ ਹਿਸਾਬ ਨਾਲ ਨਿਊਜ਼ੀਲੈਂਡ ਖ਼ਿਲਾਫ਼ ਉਸ ਦੀ ਸਭ ਤੋਂ ਵੱਡੀ ਜਿੱਤ ਤੋਂ ਸਿਰਫ਼ ਇੱਕ ਦੌੜ ਘੱਟ ਹੈ। ਆਸਟਰੇਲੀਆ ਨੇ ਔਕਲੈਂਡ ਵਿੱਚ ਸਾਲ 1974 ਦੌਰਾਨ ਨਿਊਜ਼ੀਲੈਂਡ ਨੂੰ 297 ਦੌੜਾਂ ਨਾਲ ਹਰਾਇਆ ਸੀ। ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲੇ ਸਟਾਰਕ ਨੇ ਦੂਜੀ ਪਾਰੀ ਵਿੱਚ 45 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਕਮਿਨਸ ਨੇ ਗੁਲਾਬੀ ਗੇਂਦ ਦੇ ਇਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 31 ਦੌੜਾਂ ਦੇ ਦੋ ਵਿਕਟਾਂ, ਜਦਕਿ ਸਪਿੰਨਰ ਨਾਥਨ ਲਿਓਨ ਨੇ 63 ਦੌੜਾਂ ਦੇ ਕੇ ਚਾਰ ਬੱਲੇਬਾਜ਼ਾਂ ਨੂੰ ਪੈਵਿਲੀਅਨ ਭੇਜਿਆ। ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਨ ਉਤਰੇ ਨਿਊਜ਼ੀਲੈਂਡ ਨੇ ਇਸ ਮਗਰੋਂ ਸਲਾਮੀ ਬੱਲੇਬਾਜ਼ ਜੀਤ ਰਾਵਲ ਅਤੇ ਵਿਲੀਅਮਸਨ ਦੀਆਂ ਵਿਕਟਾਂ ਗੁਆਈਆਂ। ਰਾਵਲ ਇੱਕ ਦੌੜ ਬਣਾ ਕੇ ਮੈਚ ਵਿੱਚ ਸਟਾਰਕ ਦਾ ਛੇਵਾਂ ਸ਼ਿਕਾਰ ਬਣਿਆ, ਜਦਕਿ ਲਿਓਨ ਨੇ ਪਾਰੀ ਦੀ ਆਪਣੀ ਪਹਿਲੀ ਗੇਂਦ ’ਤੇ ਹੀ ਵਿਲੀਅਮਸਨ ਨੂੰ ਬਾਹਰ ਦਾ ਰਸਤਾ ਵਿਖਾਇਆ। ਨਿਊਜ਼ੀਲੈਂਡ ਦੇ ਕਪਤਾਨ ਨੇ 14 ਦੌੜਾਂ ਬਣਾਈਆਂ।