ਪਹਿਲਗਾਮ ਹਮਲੇ ‘ਚ ਸ਼ਾਮਲ ਸ਼ੱਕੀ ਸਥਾਨਕ ਅੱਤਵਾਦੀਆਂ ਖਿਲਾਫ ਇਕ ਵੱਡਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਅਨੰਤਨਾਗ ਜ਼ਿਲੇ ਦੇ ਬਿਜਬੇਹਰਾ ਦੇ ਤ੍ਰਾਲ ਦੇ ਗੋਰੀ ਖੇਤਰ ‘ਚ ਇਕ ਅੱਤਵਾਦੀ ਦੇ ਘਰ ਨੂੰ ਬੰਬ ਨਾਲ ਉਡਾ ਦਿੱਤਾ ਗਿਆ, ਜਦਕਿ ਦੂਜੇ ਸ਼ੱਕੀ ਦੇ ਘਰ ਨੂੰ ਬੁਲਡੋਜ਼ਰ ਦੀ ਮਦਦ ਨਾਲ ਢਾਹ ਦਿੱਤਾ ਗਿਆ।
ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਗੁਰੀ ਦੇ ਇੱਕ ਪਿੰਡ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਇੱਕ ਸ਼ੱਕੀ ਅੱਤਵਾਦੀ ਦੇ ਘਰ ਨੂੰ ਬੰਬ ਨਾਲ ਉਡਾ ਦਿੱਤਾ। ਸੂਤਰਾਂ ਨੇ ਦੱਸਿਆ ਕਿ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਘਰ ‘ਚ ਕੁਝ ਸ਼ੱਕੀ ਵਸਤੂਆਂ ਦੇਖੀਆਂ।
ਖਤਰੇ ਨੂੰ ਭਾਂਪਦਿਆਂ ਸੁਰੱਖਿਆ ਬਲ ਸੁਰੱਖਿਆ ਯਕੀਨੀ ਬਣਾਉਣ ਲਈ ਪਿੱਛੇ ਹਟ ਗਏ। ਹਾਲਾਂਕਿ, ਪਿੱਛੇ ਹਟਣ ਤੋਂ ਥੋੜ੍ਹੀ ਦੇਰ ਬਾਅਦ ਇੱਕ ਸ਼ਕਤੀਸ਼ਾਲੀ ਧਮਾਕੇ ਨੇ ਘਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਘਰ ਪਹਿਲਗਾਮ ਹਮਲੇ ‘ਚ ਸ਼ਾਮਲ ਅੱਤਵਾਦੀ ਆਦਿਲ ਦਾ ਸੀ। ਦੂਜੇ ਪਾਸੇ ਦੱਖਣੀ ਕਸ਼ਮੀਰ ਦੇ ਤ੍ਰਾਲ ‘ਚ ਲਸ਼ਕਰ ਦੇ ਅੱਤਵਾਦੀ ਆਸਿਫ ਸ਼ੇਖ ਦੇ ਘਰ ਨੂੰ ਢਾਹ ਦਿੱਤਾ ਗਿਆ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੁਲਡੋਜ਼ਰ ਦੀ ਵਰਤੋਂ ਕਰਕੇ ਘਰ ਨੂੰ ਢਾਹ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਅੱਤਵਾਦੀਆਂ ਨੇ ਸੈਲਾਨੀਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰਕੇ 26 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਫੌਜ ਦੀ ਵਰਦੀ ਪਹਿਨੇ ਅੱਤਵਾਦੀਆਂ ਨੇ ਪਹਿਲਗਾਮ ਦੀ ਬੈਸਰਨ ਘਾਟੀ ‘ਚ ਸੈਲਾਨੀਆਂ ਨੂੰ ਪਹਿਲਾਂ ਉਨ੍ਹਾਂ ਦੇ ਧਰਮ ਬਾਰੇ ਪੁੱਛਿਆ, ਉਨ੍ਹਾਂ ਦੇ ਪਛਾਣ ਪੱਤਰ ਚੈੱਕ ਕੀਤੇ ਅਤੇ ਫਿਰ ਉਨ੍ਹਾਂ ਨੂੰ ਹਿੰਦੂ ਦੱਸਦੇ ਹੋਏ ਗੋਲੀ ਮਾਰ ਦਿੱਤੀ। 26 ਮਰਨ ਵਾਲਿਆਂ ‘ਚੋਂ ਜ਼ਿਆਦਾਤਰ ਸੈਲਾਨੀ ਹਨ, ਜਦਕਿ ਦੋ ਵਿਦੇਸ਼ੀ ਅਤੇ ਦੋ ਸਥਾਨਕ ਨਾਗਰਿਕ ਹਨ।
ਹਮਲੇ ‘ਚ ਕਰੀਬ 14 ਲੋਕ ਜ਼ਖਮੀ ਹੋਏ ਹਨ। ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਸਮੂਹ ਦਿ ਰੇਜ਼ਿਸਟੈਂਸ ਫਰੰਟ (TRF) ਨੇ 3 ਜੁਲਾਈ ਤੋਂ ਸ਼ੁਰੂ ਹੋ ਰਹੀ ਸ਼੍ਰੀ ਅਮਰਨਾਥ ਯਾਤਰਾ ਤੋਂ ਪਹਿਲਾਂ ਇਸ ਕਾਇਰਾਨਾ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਫਰਵਰੀ 2019 ‘ਚ ਪੁਲਵਾਮਾ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। ਇਸ ਹਮਲੇ ‘ਚ ਸੀਆਰਪੀਐੱਫ ਦੇ 47 ਜਵਾਨ ਸ਼ਹੀਦ ਹੋ ਗਏ ਸਨ।