ਜਲੰਧਰ/ਕਪੂਰਥਲਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ’ਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰੇਗੀ। ਉਨ੍ਹਾਂ ਨੇ ਅੱਜ ਸੁਲਤਾਨਪੁਰ ਲੋਧੀ ਵਿਚ ਮੁਕੰਮਲ ਹੋਏ 96 ਕਰੋੜ ਦੇ ਪ੍ਰਾਜੈਕਟ ਸੰਗਤ ਨੂੰ ਸਮਰਪਿਤ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਵਿੱਤਰ ਕਾਲੀ ਵੇਈਂ ਵਿਚ ਪੈ ਰਹੇ ਗੰਦੇ ਪਾਣੀਆਂ ਨੂੰ ਤੁਰੰਤ ਰੋਕਿਆ ਜਾਵੇਗਾ। ਉਨ੍ਹਾਂ ਨੇ ਸੁਲਤਾਨਪੁਰ ਲੋਧੀ ਵਿਚ ਹੋਣ ਵਾਲੇ ਸਮਾਗਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।
ਜਦੋਂ ਮੁੱਖ ਮੰਤਰੀ ਨੂੰ ਇਹ ਸਵਾਲ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰਦੁਆਰਾ ਬੇਰ ਸਾਹਿਬ ਅਤੇ ਉਸ ਦੇ ਨਾਲ ਹੀ ਤਿੰਨ ਹੋਰ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਚਲਾਏ ਜਾ ਰਹੇ ਲੰਗਰਾਂ ਦਾ ਗੰਦਾ ਪਾਣੀ ਪਵਿੱਤਰ ਵੇਈਂ ਵਿਚ ਪੈ ਰਿਹਾ ਹੈ ਜਦਕਿ ਸ਼ਤਾਬਦੀ ਸਮਾਗਮਾਂ ਦੌਰਾਨ ਸੰਗਤ ਨੇ ਇਸ ਵਿਚ ਇਸ਼ਨਾਨ ਵੀ ਕਰਨਾ ਹੈ ਤੇ ਇਸ ਵਿਚੋਂ ਚੂਲਾ ਵੀ ਭਰਨਾ ਹੈ ਤਾਂ ਮੁੱਖ ਮੰਤਰੀ ਨੇ ਨਾਲ ਖੜ੍ਹੇ ਅਫ਼ਸਰਾਂ ਨੂੰ ਵੇਈਂ ਵਿਚ ਪੈ ਰਹੇ ਗੰਦੇ ਪਾਣੀ ਦੇ ਹੱਲ ਬਾਰੇ ਹਦਾਇਤਾਂ ਕੀਤੀਆਂ ਤੇ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਨ ਲਈ ਕਿਹਾ। ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਸਾਧਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਤਿਹਾਸਕ ਦਿਹਾੜੇ ਸਾਂਝੇ ਮਨਾਉਣੇ ਚਾਹੀਦੇ ਹਨ ਪਰ ਅਕਾਲੀ ਇਸ ਵਿਚ ਅੜਿੱਕੇ ਡਾਹ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਸਾਰੇ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਰਤਾਰਪੁਰ ਜਾਣ ਲਈ ਕਿਹਾ ਸੀ ਪਰ ਅਕਾਲੀ ਦਲ ਇਸ ’ਤੇ ਸਿਆਸਤ ਕਰ ਰਿਹਾ ਹੈ। ਖ਼ਾਸ ਕਰਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਘਟੀਆ ਪੱਧਰ ਦੀ ਸਿਆਸਤ ਕਰ ਰਹੀ ਹੈ। ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵੱਲੋਂ ਸੱਦਾ ਦਿੱਤੇ ਜਾਣ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਪਾਕਿਸਤਾਨ ਜਾ ਸਕਦਾ ਹੈ। ਉਨ੍ਹਾਂ ਮੀਡੀਆ ਨੂੰ ਕਿਹਾ ਕਿ ਇਸ ਬਾਰੇ ਉਹ ਸਿੱਧੂ ਨੂੰ ਹੀ ਸਵਾਲ ਕਰਨ। ਉਨ੍ਹਾਂ 20 ਡਾਲਰ ਫ਼ੀਸ ਦਾ ਵਿਰੋਧ ਕਰਦਿਆਂ ਕਿਹਾ ਕਿ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਤੇ ਰਵਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਫਰਾਖ਼ਦਿਲੀ ਦਿਖਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਰਧਾਲੂਆਂ ਲਈ 20 ਡਾਲਰ ਫ਼ੀਸ ਅਦਾ ਕਰਨ ਲਈ ਤਿਆਰ ਹੈ ਪਰ ਉਹ ਸਿਧਾਂਤਕ ਤੌਰ ’ਤੇ ਪਾਕਿਸਤਾਨ ਵੱਲੋਂ ਕੀਤੇ ਇਸ ਫ਼ੈਸਲੇ ਦੇ ਵਿਰੁੱਧ ਹੈ।