ਲੁਧਿਆਣਾ, 14 ਨਵੰਬਰ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਪ੍ਰਦੂਸ਼ਣ ਦੇ ਮਾਮਲੇ ’ਤੇ ਕਿਹਾ ਕਿ ਪਰਾਲੀ ਸਾੜਨ ਵਾਲੇ ਵੀ ਆਪਣੇ ਹੀ ਲੋਕ ਹਨ, ਕਿਸ ’ਤੇ ਕਿੰਨੀ ਕੁ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੇ ਪੱਕੇ ਹੱਲੇ ਲਈ ਰਾਜਨੀਤੀ ਛੱਡ ਕੇ ਸਾਂਝੇ ਯਤਨਾਂ ਦੀ ਲੋੜ ਹੈ।
ਸਿਹਤ ਮੰਤਰੀ ਅੱਜ ਇੱਥੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ 128ਵੇਂ ਜਨਮ ਦਿਵਸ ਨੂੰ ਸਮਰਪਿਤ ਸਤਪਾਲ ਮਿੱਤਲ ਰਾਸ਼ਟਰੀ ਪੁਰਸਕਾਰ ਵੰਡ ਸਮਾਗਮ ਵਿੱਚ ਸ਼ਾਮਲ ਹੋਣ ਪੁੱਜੇ ਸਨ। ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱੱਧ ਹੈ। ਧੂੰਏਂ ਕਾਰਨ ਖ਼ਰਾਬ ਹੋਏ ਵਾਤਾਵਰਣ ’ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਦੇ ਪੱਕੇ ਹੱਲ ਲਈ ਜ਼ਰੂਰੀ ਹੈ ਕਿ ਸਾਰੀਆਂ ਰਾਜਸੀ ਧਿਰਾਂ ਸਾਂਝੇ ਯਤਨ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਰਿਪੋਰਟ ਅਨੁਸਾਰ ਇਸ ਵਾਰ ਪ੍ਰਦੂਸ਼ਣ ਘਟਿਆ ਹੈ, ਜੋ ਚੰਗਾ ਸੰਕੇਤ ਹੈ, ਪਰ ਇਸ ਮਸਲੇ ਦੇ ਪੱਕੇ ਹੱਲ ਲਈ ਸਾਰੀਆਂ ਧਿਰਾਂ ਨੂੰ ਸਾਂਝੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਪਰਾਲੀ ਸਾੜਨ ਦੇ ਮੁੱਦੇ ’ਤੇ ਰਾਜਨੀਤੀ ਨਾ ਕਰੇ। ਉਨ੍ਹਾਂ ਕਿਹਾ ਕਿ ਡੇਂਗੂ ਵਿਰੁੱਧ ਦਿਨ-ਰਾਤ ਯਤਨ ਕੀਤੇ ਜਾ ਰਹੇ ਹਨ।
ਸ੍ਰੀ ਬ੍ਰਹਮ ਮਹਿੰਦਰਾ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਆਜ਼ਾਦੀ ਮਗਰੋਂ ਲੋਕਤੰਤਰ ਦਾ ਰਾਹ ਚੁਣ ਕੇ ਦੇਸ਼ ਦੀ ਮਜ਼ਬੂਤੀ ਦੀ ਨੀਂਹ ਰੱਖੀ। ਉਨ੍ਹਾਂ ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਗ਼ਰੀਬ ਅਤੇ ਹੋਣਹਾਰ ਬੱਚਿਆਂ ਨੂੰ ਦਿੱਤੇ ਜਾਂਦੇ ਵਜ਼ੀਫ਼ਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਵਿੰਦਰਨਾਥ, ਮੰਗੂ ਸਿੰਘ, ਨਿਤਿਨ ਕੁਮਾਰ ਨੰਦ ਤੇ ਅਸ਼ੋਕ ਚਿਤਲੇ ਨੂੰ ਸ਼ਾਨਦਾਰ ਸਮਾਜਿਕ ਸੇਵਾਵਾਂ ਬਦਲੇ ਸਤਪਾਲ ਮਿੱਤਲ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਆ ਗਿਆ। ਉਨ੍ਹਾਂ ਸੈਂਕੜੇ ਹੋਣਹਾਰ ਅਤੇ ਗ਼ਰੀਬ ਵਿਦਿਆਰਥੀਆਂ ਨੂੰ ਸਾਲਾਨਾ ਵਜ਼ੀਫ਼ਾ ਯੋਜਨਾ ਤਹਿਤ ਰਾਸ਼ੀ ਵੀ ਵੰਡੀ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਟਰੱਸਟ ਦੇ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਨੇ ਟਰੱਸਟ ਵੱਲੋਂ ਸਿੱਖਿਆ, ਸਿਹਤ ਤੇ ਹੋਰ ਖੇਤਰਾਂ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਪੇਸ਼ ਕਰਦਿਆਂ ਇਸ ਦਿਸ਼ਾ ਵਿੱਚ ਸਰਕਾਰ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਹਰ ਸਾਲ ਕਰੀਬ 50 ਲੱਖ ਰੁਪਏ ਰਾਸ਼ੀ ਦੇ ਵਜ਼ੀਫ਼ੇ ਅਤੇ 5 ਲੱਖ ਰੁਪਏ ਤੋਂ ਵੱਧ ਰਾਸ਼ੀ ਦੇ ਪੁਰਸਕਾਰ ਵੰਡੇ ਜਾਂਦੇ ਹਨ।
ਇਸ ਮੌਕੇ ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਸੰਜੀਵ ਤਲਵਾੜ, ਬਿਪਨ ਗੁਪਤਾ, ਜੀ. ਐਲ. ਬੱਸੀ, ਸੁਨੀਲ ਗੁਪਤਾ, ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਗੁਰਪ੍ਰੀਤ ਗੋਗੀ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਤੇ ਅਮਰਜੀਤ ਸਿੰਘ ਟਿੱਕਾ ਵੀ ਹਾਜ਼ਰ ਸਨ।