ਚੰਡੀਗੜ੍ਹ, 2 ਨਵੰਬਰ

ਪਰਾਲੀ ਸਾੜਨ ਦੇ ਮਾਮੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕੇਂਦਰ ਸਰਕਾਰ ’ਤੇ ਹੱਲਾ ਬੋਲਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਰਾਲੀ ਪ੍ਰਦੂਸ਼ਣ ਬਾਰੇ ਰੋਜ਼ਾਨਾ ਦਿੱਲੀ ਅਤੇ ਪੰਜਾਬ ਸਰਕਾਰਾਂ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜਦੋਂ ਕਿ ਏਅਰ ਕੁਆਲਿਟੀ ਇੰਡੈਕਸ ਦੀ ਰਿਪੋਰਟ ਅਨੁਸਾਰ ਹਰਿਆਣਾ ਅਤੇ ਯੂਪੀ ਦੇ ਸ਼ਹਿਰ ਵੱਧ ਪ੍ਰਦੂਸ਼ਿਤ ਹਨ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਮਹੀਨੇ ਪਹਿਲਾ ਕਮਿਸ਼ਨ ਫਾਰ ਏਅਰ ਕੁਆਲਿਟੀ ਇੰਡੈਕਸ ਨੂੰ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਦੇ ਦਿੱਤਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ 1500 ਰੁਪਏ ਕੇਂਦਰ, 500 ਰੁਪਏ ਦਿੱਲੀ ਸਰਕਾਰ ਅਤੇ 500 ਰੁਪਏ ਪੰਜਾਬ ਸਰਕਾਰ ਸਣੇ ਕੁੱਲ 2500 ਰੁਪਏ ਪ੍ਰਤੀ ਏਕੜ ਵਿੱਤੀ ਮਦਦ ਦੇਣ। ਦੂਜਾ ਪਰਾਲੀ ਤੋਂ ਬਾਇਓ ਐਨਰਜੀ ਅਤੇ ਬਿਜਲੀ ਸਣੇ ਹੋਰਨਾਂ ਵਸਤੂਆਂ ਬਣਾਈ ਜਾ ਸਕਦੀਆਂ ਹਨ। ਇਸ ਲਈ ਕਈ ਵੱਡੇ ਉਦਯੋਗ ਪੰਜਾਬ ਵਿੱਚ ਆਉਣ ਲਈ ਤਿਆਰ ਹਨ। ਇਸ ਲਈ ਉਹ ਕੋਈ ਪੈਕੇਜ ਦਾ ਐਲਾਨ ਕਰੇ। ਹੈਰਾਨੀ ਹੈ ਕਿ ਕੇਂਦਰ ਸਰਕਾਰ ਨੇ ਦੋਵਾਂ ਤਰ੍ਹਾਂ ਦੇ ਹੱਲ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਕਰਕੇ ਕੇਂਦਰ ਸਰਕਾਰ ਦੇਸ਼ ਵਿੱਚ ਤਿੰਨ ਖੇਤੀ ਕਾਨੂੰਨ ਲਾਗੂ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਇਸੇ ਲਈ ਕੇਂਦਰ ਵਿੱਚ ਕਾਬਜ਼ ਭਾਜਪਾ ਸਰਕਾਰ ਪੰਜਾਬ ਦੇ ਕਿਸਾਨਾਂ ਤੋਂ ਅੰਦੋਲਨ ਦਾ ਬਦਲਾ ਲੈ ਰਹੀ ਹੈ।