ਕਪੂਰਥਲਾ, 28 ਨਵੰਬਰ : ਪੰਜਾਬ ਸਰਕਾਰ ਵੱਲੋਂ ਪਰਾਲੀ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਵਾਲੇ 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦੇ ਕੀਤੇ ਫ਼ੈਸਲੇ ਦਾ ਲਾਭ ਲੈਣ ਲਈ ਕਿਸਾਨ 30 ਨਵੰਬਰ ਤੱਕ ਫਾਰਮ ਭਰ ਸਕਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 2 ਹਜ਼ਾਰ ਤੋਂ ਵੱਧ ਕਿਸਾਨ ਮੁਆਵਜ਼ੇ ਲਈ ਫਾਰਮ ਭਰ ਚੁੱਕੇ ਹਨ। ਉਨਾਂ ਕਿਹਾ ਕਿ ਯੋਗ ਲਾਭਪਾਤਰੀ ਸਬੰਧਤ ਸਰਪੰਚ ਕੋਲੋਂ ਫਾਰਮ ਤਸਦੀਕ ਕਰਵਾ ਕੇ ਅਗਲੀ ਕਾਰਵਾਈ ਲਈ ਪੰਚਾਇਤ ਸਕੱਤਰ ਨੂੰ ਦੇ ਸਕਦੇ ਹਨ। ਉਨਾਂ ਦੱਸਿਆ ਕਿ ਇਸ ਮੁਆਵਜ਼ੇ ਦਾ ਹੱਕਦਾਰ ਉਹ ਕਿਸਾਨ ਹੋਵੇਗਾ, ਜਿਸ ਕੋਲ ਆਪਣੇ, ਪਤਨੀ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਂ ’ਤੇ ਕੁੱਲ 5 ਏਕੜ ਤੱਕ ਹੀ ਜ਼ਮੀਨ ਦੀ ਮਾਲਕੀ ਹੈ ਅਤੇ ਇਸ ਜ਼ਮੀਨ ਜਾਂ ਇਸ ਦੇ ਕਿਸੇ ਹਿੱਸੇ ਵਿਚ ਗੈਰ-ਬਾਸਮਤੀ ਝੋਨੇ ਦੀ ਖੇਤੀ ਕਰਦਾ ਹੋਵੇ ਅਤੇ ਖੇਤ ਦੇ ਕਿਸੇ ਵੀ ਹਿੱਸੇ ਵਿਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਈ ਹੋਵੇ।

ਉਨਾਂ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਅਤੇ ਧਰਤੀ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਸਰਕਾਰ ਵੱਲੋਂ ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਸਾੜਨ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਹੁਣ ਤੱਕ 2 ਹਜ਼ਾਰ ਤੋਂ ਵੱਧ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਦਿੱਤੀਆਂ ਗਈਆਂ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅੱਗ ਲਾਉਣ ਦੀ ਬਜਾਏ ਇਨਾਂ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਦਾ ਯੋਗ ਨਿਪਟਾਰਾ ਕਰਨ। ਉਨਾਂ ਦੱਸਿਆ ਕਿ ਜ਼ਿਲੇ ਵਿਚ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 143 ਕਿਸਾਨਾਂ ਨੂੰ 3 ਲੱਖ 60 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਇਸੇ ਤਰਾਂ 140 ਕਿਸਾਨਾਂ ਦੇ ਮਾਲ ਰਿਕਾਰਡ ਵਿਚ ਲਾਲ ਐਂਟਰੀਆਂ ਦਰਜ਼ ਕੀਤੀਆਂ ਗਈਆਂ ਹਨ ਅਤੇ 21 ਕੇਸਾਂ ਵਿਚ ਐਫ. ਆਈ. ਆਰ ਦਰਜ਼ ਕੀਤੀਆਂ ਗਈਆਂ ਹਨ।