ਨਵੀਂ ਦਿੱਲੀ, 21 ਦਸੰਬਰ

ਵਿਦੇਸ਼ੀ ਕੰਪਨੀਆਂ ’ਚ ਗ਼ੈਰਕਾਨੂੰਨੀ ਢੰਗ ਨਾਲ ਪੈਸਾ ਜੋੜੇ ਜਾਣ ਦੇ ਮਾਮਲੇ (ਪਨਾਮਾ ਪੇਪਰਜ਼ ਲੀਕ ਕੇਸ) ’ਚ ਅਦਾਕਾਰਾ ਐਸ਼ਵਰਿਆ ਰਾਏ ਬੱਚਨ (48) ਤੋਂ ਅੱਜ  ਇਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛੇ ਘੰਟੇ ਤੱਕ ਪੁੱਛ-ਪੜਤਾਲ ਕੀਤੀ। ਸੁਪਰ ਸਟਾਰ ਅਮਿਤਾਭ ਬੱਚਨ ਦੀ ਨੂੰਹ ਤੋਂ ਵਿਦੇਸ਼ੀ ਐਕਸਚੇਂਜ ਮੈਨੇਜਮੈਂਟ   ਐਕਟ (ਫੇਮਾ) ਦੀਆਂ ਧਾਰਾਵਾਂ ਤਹਿਤ ਬਿਆਨ ਦਰਜ ਕੀਤੇ। ਅਦਾਕਾਰਾ ਨੇ ਈਡੀ ਦੇ ਇੰਡੀਆ ਗੇਟ ਨੇੜੇ ਸਥਿਤ ਦਫ਼ਤਰ ’ਚ ਕੁਝ ਦਸਤਾਵੇਜ਼ ਵੀ ਸੌਂਪੇ ਹਨ। ਈਡੀ ਦੀ ਇਕ ਮਹਿਲਾ ਅਧਿਕਾਰੀ ਸਮੇਤ ਛੇ ਅਧਿਕਾਰੀਆਂ ਦੀ ਟੀਮ ਨੇ ਐਸ਼ਵਰਿਆ ਦੇ ਬਿਆਨ ਦਰਜ ਕੀਤੇ। ਸੂਤਰਾਂ ਨੇ ਕਿਹਾ ਕਿ ਬੌਲੀਵੁੱਡ ਅਦਾਕਾਰਾ ਤੋਂ 50 ਸਵਾਲ ਪੁੱਛੇ ਗਏ। ਇਹ ਤੀਜੀ ਵਾਰ ਹੈ ਜਦੋਂ ਅਦਾਕਾਰਾ ਨੂੰ ਤਲਬ ਕੀਤਾ ਗਿਆ ਸੀ। ਉਂਜ ਪਹਿਲੀ ਦੋ ਵਾਰ ਉਹ ਜਾਂਚ ’ਚ ਸ਼ਾਮਲ ਨਹੀਂ ਹੋਈ ਸੀ। ਈਡੀ ਵੱਲੋਂ ਬੱਚਨ ਪਰਿਵਾਰ ਨਾਲ ਜੁੜੇ ਕੇਸ ਦੀ 2016-17 ਤੋਂ ਹੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੇ ਬੱਚਨ ਪਰਿਵਾਰ ਨੂੰ ਨੋਟਿਸ ਜਾਰੀ ਕਰਕੇ 2004 ਤੋਂ ਵਿਦੇਸ਼ ’ਚ ਭੇਜੀ ਗਈ ਰਕਮ ਦੇ ਵੇਰਵੇ ਮੰਗੇ ਸਨ। ਉਸ ਸਮੇਂ ਬੱਚਨ ਪਰਿਵਾਰ ਨੇ ਕੁਝ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਸੂਤਰਾਂ ਨੇ ਕਿਹਾ ਕਿ ਪਰਿਵਾਰ ਨਾਲ ਜੁੜੀਆਂ ਕੁਝ ਕਥਿਤ ਬੇਨਿਯਮੀਆਂ ਜਾਂਚ ਏਜੰਸੀ ਦੀ ਨਜ਼ਰ ’ਚ ਹਨ। ਵਾਸ਼ਿੰਗਟਨ ਆਧਾਰਿਤ ਇੰਟਰਨੈਸ਼ਨਲ ਕੰਸੋਰਟੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟਸ (ਆਈਸੀਆਈਜੇ) ਨੇ 2016 ’ਚ ਖੁਲਾਸਾ ਕੀਤਾ ਸੀ ਕਿ ਕਈ ਆਲਮੀ ਆਗੂਆਂ ਅਤੇ ਹਸਤੀਆਂ ਨੇ ਵਿਦੇਸ਼ ਦੀਆਂ ਕਈ ਕੰਪਨੀਆਂ ’ਚ ਆਪਣਾ ਬੇਹਿਸਾਬ ਪੈਸਾ ਜੋੜਿਆ ਹੋਇਆ ਹੈ। ਉਂਜ ਕੁਝ ਦੇ ਜਾਇਜ਼ ਖਾਤੇ ਵੀ ਮਿਲੇ ਹਨ। ‘ਪਨਾਮਾ ਪੇਪਰਜ਼’ ਨਾਲ ਮਸ਼ਹੂਰ ਹੋਏ ਇਸ ਕਾਂਡ ’ਚ ਭਾਰਤ ਨਾਲ ਜੁੜੇ 426 ਕੇਸ ਹਨ। ਜ਼ਿਕਰਯੋਗ ਹੈ ਕਿ ਆਈਸੀਆਈਜੇ ਮੁਤਾਬਕ ਐਸ਼ਵਰਿਆ ਰਾਏ ਬੱਚਨ ਦਾ ਬ੍ਰਿਟਿਸ਼ ਵਰਜਿਨ ਆਈਲੈਂਡ ਕੰਪਨੀ ’ਚ ਹਿੱਸਾ ਹੈ ਜੋ 2005 ’ਚ ਬਣਾਈ ਗਈ ਸੀ। ਉਸ ਦਾ ਪਰਿਵਾਰ ਵੀ ਇਸ ਕੰਪਨੀ ਦਾ ਹਿੱਸਾ ਦੱਸਿਆ ਜਾਂਦਾ ਹੈ ਜਿਸ ਦੀ ਸ਼ੁਰੂ ’ਚ ਪੂੰਜੀ 50 ਹਜ਼ਾਰ ਅਮਰੀਕੀ ਡਾਲਰ ਸੀ ਪਰ ਇਹ ਕੰਪਨੀ 2008 ’ਚ ਭੰਗ ਹੋ ਗਈ ਸੀ।