ਪਟਿਆਲਾ, 15 ਜੁਲਾਈ
ਇਸ ਜ਼ਿਲ੍ਹੇ ਦੇ ਪਿੰਡ ਪੱਬਰੀ ਵਾਸੀ ਬਲਵਿੰਦਰ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਪਟਿਆਲਾ ਪੁਲੀਸ ਨੇ ਸੁਲ਼ਝਾ ਲਈ ਹੈ। ਸਾਹਮਣੇ ਆਏ ਤੱਥਾਂ ਮੁਤਾਬਿਕ ਇਹ ਕਤਲ ਉਸ ਦੀ ਪਤਨੀ ਨੇ ਹੀ ਆਪਣੇ ਪ੍ਰੇਮੀ ਕੋਲ਼ੋਂ ਕਰਵਾਇਆ ਸੀ। ਅੱਜ ਪੁਲੀਸ ਲਾਈਨ ਪਟਿਆਲਾ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਖੁਲਾਸਾ ਕਰਦਿਆਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੀ ਪਤਨੀ ਰਜਨੀ ਬਾਲਾ ਤੇ ਉਸ ਦੇ ਪ੍ਰੇਮੀ ਗੁਰਵਿੰਦਰ ਸਿੰਘ ਮੋਟੀ ਵਾਸੀ ਦਮਨਹੇੜੀ ਸਮੇਤ ਕਤਲ ਦੀ ਵਾਰਦਾਤ ’ਚ ਸ਼ਾਮਲ ਤਿੰਨ ਹੋਰਾਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਵਿਚ ਹਰਬੰਸ ਸਿੰਘ ਹੈਪੀ ਵਾਸੀ ਪੱਬਰੀ, ਜਸਵਿੰਦਰ ਸਿੰਘ ਕੱਛੂ ਤੇ ਬਲਵਿੰਦਰ ਸਿੰਘ ਬੱਬੀ ਵਾਸੀਆਨ ਦਮਨਹੇੜੀ ਸ਼ਾਮਲ ਹਨ। ਪੁਲੀਸ ਮੁਖੀ ਨੇ ਦੱਸਿਆ ਕਿ ਰਜਨੀ ਬਾਲਾ ਅਤੇ ਬਲਵਿੰਦਰ ਸਿੰਘ ਦਾ ਵਿਆਹ ਸਾਲ 2018 ਵਿਚ ਹੋਇਆ ਸੀ ਪਰ ਰਜਨੀ ਬਾਲਾ ਦੇ ਵਿਆਹ ਤੋਂ ਪਹਿਲਾਂ ਹੀ ਗੁਰਵਿੰਦਰ ਸਿੰਘ ਨਾਲ਼ ਸਬੰਧ ਸਨ ਜੋ ਵਿਆਹ ਤੋਂ ਬਾਅਦ ਵੀ ਜਾਰੀ ਰਹੇ। ਇਸ ਤੋਂ ਬਾਅਦ ਰਜਨੀ ਬਾਲਾ ਤੇ ਗੁਰਵਿੰਦਰ ਸਿੰਘ ਨੇ ਬਲਵਿੰਦਰ ਸਿੰਘ ਦੇ ਕਤਲ ਦੀ ਸ਼ਾਜਿਸ਼ ਘੜੀ ਤੇ ਫੇਰ ਗੁਰਵਿੰਦਰ ਸਿੰਘ ਨੇ ਆਪਣੇ ਤਿੰਨ ਹੋਰ ਸਾਥੀਆਂ ਦੀ ਮਦਦ ਨਾਲ਼ ਉਸ ਦੀ 11 ਜੂਨ ਨੂੰ ਹੱਤਿਆ ਕਰ ਦਿੱਤੀ। ਇਸ ਕਤਲ ਦੀ ਗੁੱਥੀ ਪਟਿਆਲਾ ਦੇ ਐਸਪੀ ਡੀ ਹਰਬੀਰ ਅਟਵਾਲ, ਡੀਐਸਪੀ ਡੀ ਸੁਖਅੰਮ੍ਰਿਤ ਰੰਧਾਵਾ, ਘਨੌਰ ਦੇ ਡੀਐਸਪੀ ਰਘਬੀਰ ਸਿੰਘ ਦੀ ਦੇਖਰੇਖ ਹੇਠ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇਖੇੜੀਗੰਡਿਆਂ ਦੇ ਐਸਐਸਓ ਸੁਖਵਿੰਦਰ ਸਿੰਘ ਸਮੇਤ ਹੋਰ ਪੁਲੀਸ ਟੀਮ ਨੇ ਸੁਲਝਾਈ ਹੈ।