ਭਗਤਾ ਭਾਈ, 8 ਅਕਤੂਬਰ

ਜ਼ਿਲ੍ਹਾ ਬਠਿੰਡਾ ਦੇ ਪਿੰਡ ਹਮੀਰਗੜ੍ਹ ਵਿਚ ਪਤਨੀ ਦੇ ਵਿਛੋੜੇ ਤੋਂ ਦੁਖੀ ਪਤੀ ਨੇ ਆਪਣੇ ਤਿੰਨ ਮਾਸੂਮ ਬੱਚਿਆਂ ਨੂੰ ਫਾਹਾ ਲਗਾਉਣ ਬਾਅਦ ਆਪ ਵੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਬੀਤੀ ਰਾਤ ਦੀ ਇਸ ਘਟਨਾ ਦਾ ਪਤਾ ਅੱਜ ਸਵੇਰ ਲੱਗਾ। ਘਟਨਾ ਦੀ ਸੂਚਨਾ ਮਿਲਦਿਆਂ ਡੀਐੱਸਪੀ ਫੂਲ ਪੁਲੀਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ। ਗਰੀਬ ਕਿਸਾਨ ਨੌਜਵਾਨ ਬੇਅੰਤ ਸਿੰਘ ਦੀ ਪਤਨੀ ਲਵਪ੍ਰੀਤ ਕੌਰ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਤੇ ਇਸ ਸਮੇਂ ਉਹ ਆਪਣੇ ਬੱਚਿਆਂ ਪ੍ਰਭਜੋਤ ਸਿੰਘ (6) ਅਰਸ਼ ਕੌਰ (3) ਅਤੇ ਖੁਸ਼ੀ (1) ਦੀ ਖੁਦ ਹੀ ਸਾਂਭ ਸੰਭਾਲ ਕਰ ਰਿਹਾ ਸੀ। ਲੋਕਾਂ ਦੇ ਦੱਸਣ ਮੁਤਾਬਕ ਬੇਅੰਤ ਸਿੰਘ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਪ੍ਰੇਸ਼ਾਨ ਸੀ। ਘਟਨਾ ਸਥਾਨ ਤੋਂ ਮ੍ਰਿਤਕ ਨੌਜਵਾਨ ਵੱਲੋਂ ਆਪਣੀ ਪਤਨੀ ਦੇ ਵਿਛੋੜੇ ਸਬੰਧੀ ਦਰਦ ਭਰਿਆ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਥਾਣਾ ਭਗਤਾ ਭਾਈ ਦੀ ਪੁਲੀਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ। ਇਸ ਦਰਦਨਾਕ ਘਟਨਾ ਕਾਰਨ ਪਿੰਡ ਹਮੀਰਗੜ੍ਹ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।