ਪਟਿਆਲਾ, 1 ਅਗਸਤ

ਅੱਜ ਸਵੇਰੇ ਹੀ ਪਟਿਆਲਾ ਦੇ ਵਿੱਚ ਪੈ ਰਹੇ ਭਰਵੇਂ ਮੀਂਹ ਦੌਰਾਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਸ਼ਾਹੀ ਸ਼ਹਿਰ ਦੀਆਂ ਅਨੇਕਾਂ ਸੜਕਾਂ ਅਤੇ ਹੋਰ ਨੀਵੀਆਂ ਥਾਵਾਂ ‘ਤੇ ਪਾਣੀ ਭਰ ਗਿਆ। ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧਾਂ ਦੀ ਤੋਟ ਕਾਰਨ ਸ਼ਹਿਰ ਦੀਆਂ ਕਈ ਸੜਕਾਂ ‘ਤੇ ਤਾਂ ਮੀਂਹ ਹਟਣ ਤੋਂ ਬਾਅਦ ਵੀ ਪਾਣੀ ਖੜ੍ਹਾ ਰਿਹਾ। ਇਥੋਂ ਤੱਕ ਕਿ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਨੂੰ ਜਾਂਦੀ ਸੜਕ ‘ਤੇ ਵੀ ਕਈ ਥਾਵਾਂ ‘ਤੇ ਪਾਣੀ ਭਰ ਗਿਆ। ਇਸ ਸੜਕ ਦਾ ਹਾਲ ਮੀਂਹ ਦੌਰਾਨ ਤੇ ਬਾਅਦ ਵਿਚ ਹਮੇਸ਼ਾਂ ਹੀ ਅਜਿਹਾ ਹੁੰਦਾ ਹੈ। ਇਸੇ ਦੌਰਾਨ ਟਰਾਂਸਪੋਰਟਰ ਅਮਰੀਕ ਸਿੰਘ ਭਾਨਰੀ ਦਾ ਕਹਿਣਾ ਸੀ ਕਿ ਇਸ ਰੂਟ ਦੀਆਂ ਸੜਕਾਂ ਦੀ ਬਣਤਰ ਵਿੱਚ ਤਰੁੱਟੀਆਂ ਹੋਣ ਕਰਕੇ ਹੀ ਇਹ ਪਾਣੀ ਖੜ੍ਹਦਾ ਹੈ।