ਪਟਿਆਲਾ, 16 ਮਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਦੇ ਨਵੇਂ ਅਤਿ-ਆਧੁਨਿਕ ਬੱਸ ਅੱਡੇ ਦਾ ਉਦਘਾਟਨ ਕੀਤੀ। ਇਸ ਨਵੇਂ ਬੱਸ ਅੱਡੇ ਦੀ ਉਸਾਰੀ ’ਤੇ 60.97 ਕਰੋੜ ਰੁਪੲੇ ਖਰਚੇ ਗਏ ਹਨ। ਇਸ ਮੌਕੇ ਸਰਕਾਰ ਦੇ ਕਈ ਮੰਤਰੀ, ਵਿਧਾਇਕ ਤੇ ਅਧਿਕਾਰੀ ਹਾਜ਼ਰ ਸਨ। ਮੁੱਖ ਮੰਤਰੀ ਦੌਰੇ ਕਾਰਨ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ ਤੇ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਸਨ। ਇਸ ਵੇਲੇ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਦੇ ਬੱਸ ਸਟੈਂਡ ਨੂੰ ਪੰਜਾਬ ਲਈ ਰੋਲ ਮਾਡਲ ਬਣਾ ਕੇ ਇਸੇ ਦੀ ਤਰਜ਼ ’ਤੇ ਪੰਜਾਬ ਵਿਚ ਹੋਰ ਬੱਸ ਅੱਡੇ ਬਣਾਏ ਜਾਣਗੇ। ਸ੍ਰੀ ਮਾਨ ਨੇ ਜਲੰਧਰ ਜ਼ਿਮਨੀ ਚੋਣ ਵਿਚ ਜਿੱਤ ਦੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਉੱਥੇ ਅਕਾਲੀ ਦਲ, ਭਾਜਪਾ ਤੇ ਕਾਂਗਰਸੀਆਂ ਨੇ ਐਨਾ ਹੰਕਾਰ ਦਿਖਾਇਆ ਕ‌ਿ ਉਹ ਆਪਣੇ ਪੰਜਾਬੀਆਂ ਦੀ ਤਹਿਜ਼ੀਬ ਹੀ ਗੁਆ ਬੈਠੇ। ਉਨ੍ਹਾਂ ਇਸ ਵੇਲੇ ਇਹ ਐਲਾਨ ਕੀਤਾ ਕਿ ਪੰਜਾਬ ਵਿਚ ਝੋਨੇ ਦੇ ਸੀਜ਼ਨ ਵਿਚ ਨਹਿਰਾਂ ਦਾ ਪਾਣੀ ਜ਼ਿਆਦਾ ਛੱਡਿਆ ਜਾਵੇਗਾ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੰਗਾਂ ਵਾਲੇ ਅਸ਼ਟਾਮ ਚਲਾ ਰਹੇ ਹਾਂ, ਨਵੀਂਆਂ ਬਣੀਆਂ ਕਲੋਨੀਆਂ ਵਿਚ ਪਲਾਟ ਲੈਣ ਵੇਲੇ ਲੋਕ ਦੇਖਣ ਕਿ ਕਿਹੜੇ ਰੰਗ ਦਾ ਅਸ਼ਟਾਮ ਲੱਗਾ ਹੈ, ਜੇ ਰੰਗ ਨਾ ਸਹੀ ਹੋਇਆ ਇਸ ਦਾ ਭਾਵ ਹੈ ਕਿ ਉਹ ਕਲੋਨੀ ਨਾਜਾਇਜ਼ ਹੈ। ਸ੍ਰੀ ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਵਿਚ ਇਕ ਡਰਾਈਵਿੰਗ ਸਕੂਲ ਲੰਬੀ ਕੋਲ ਮਹੂਆਣਾ ਵਿਚ ਹੈ ਪਰ ਹੁਣ ਫ਼ੈਸਲਾ ਕੀਤਾ ਹੈ ਕਿ ਇਕ ਹੋਰ ਡਰਾਈਵਿੰਗ ਸਕੂਲ ਅਮਰਗੜ੍ਹ ਕੋਲ ਪਿੰਡ ਤੋਲੇਵਾਲ ਵਿਚ ਬਣਾਇਆ ਜਾਵੇ ਤੇ ਇਸੇ ਤਰ੍ਹਾਂ ਮਾਝੇ ਤੇ ਦੁਆਬੇ ਵਿਚ ਵੀ ਡਰਾਈਵਿੰਗ ਸਕੂਲ ਖੋਲ੍ਹਿਆ ਜਾਵੇਗਾ।