ਲੰਡਨ, 25 ਦਸੰਬਰ

ਬਰਤਾਨੀਆਂ ਪੁਲੀਸ ਨੇ ਭਾਰਤ ਵਿੱਚ ਸਾਲ 2009 ਵਿੱਚ ਪਟਿਆਲਾ ਵਿਖੇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਦੀ ਸਾਜਿਸ਼ ਦੇ ਸ਼ੱਕ ਵਿੱਚ ਤਿੰਨ ਬਰਤਾਨਵੀ ਸਿੱਖਾਂ ਨੂੰ ਕੀਤਾ ਹੈ। ਤਿੰਨਾਂ ਨੂੰ “ਸਖਤ ਸ਼ਰਤਾਂ” ਤਹਿਤ ਲੰਡਨ ਦੀ ਵੈਸਟਮਿਨਸਟਰ ਮੈਜਿਸਟ੍ਰੇਟ ਦੀ ਅਦਾਲਤ ਵਿਚ ਜ਼ਮਾਨਤ ਮਿਲ ਗਈ। ਵੈਸਟ ਮਿਡਲੈਂਡਜ਼ ਪੁਲੀਸ ਨੇ ਬਿਆਨ ਵਿੱਚ ਕਿਹਾ, “ਵੈਸਟ ਮਿਡਲੈਂਡਜ਼ ਪੁਲੀਸ ਨੇ ਸੋਮਵਾਰ (21 ਦਸੰਬਰ) ਨੂੰ ਵੈਸਟਮਿਨਸਟਰ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਹਵਾਲਗੀ ਵਾਰੰਟ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਬਿਆਨ ਵਿੱਚ ਕਿਹਾ ਗਿਆ ਹੈ, “37 ਅਤੇ 40 ਸਾਲ ਦੇ ਦੋ ਵਿਅਕਤੀਆਂ ਨੂੰ ਕਵੈਂਟਰੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 38 ਸਾਲਾ ਵਿਅਕਤੀ ਨੂੰ ਵਲਵਰਹੈਂਪਟਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਸਾਲ 2009 ਵਿੱਚ ਭਾਰਤ ਵਿੱਚ ਕਤਲ ਦੀ ਸਾਜ਼ਿਸ਼ ਰਚਣ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।” ਪ੍ਰਾਪਤ ਜਾਣਕਾਰੀ ਮੁਤਾਬਕ ਇਹ ਗ੍ਰਿਫਤਾਰੀਆਂ ਆਰਐੱਸਐੱਸ ਦੀ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਸਾਲ 2009 ਵਿੱਚ ਪਟਿਆਲਾ ਵਿਖੇ ਕੀਤੇ ਕਤਲ ਸਬੰਧੀ ਕੀਤੀਆਂ ਗਈਆਂ ਹਨ। ਹੁਣ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ। ਸਿੱਖ ਫੈਡਰੇਸ਼ਨ ਯੂਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਦਾਅਵਾ ਕੀਤਾ, “ਜੇ ਤਿੰਨਾਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਤਸੀਹੇ ਦਿੱਤੇ ਜਾਣਗੇ ਅਤੇ ਉਨ੍ਹਾਂ ਖਿਲਾਫ ਨਿਰਪੱਖ ਮੁਕੱਦਮੇ ਦੀ ਕੋਈ ਸੰਭਾਵਨਾ ਨਹੀਂ ਹੈ।