ਜੰਮੂ/ਭਵਾਨੀਪਟਨਾ/ਨਵੀਂ ਦਿੱਲੀ, 23 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਟਨਾ ਵਿਚ ਹੋਈ ਵਿਰੋਧੀ ਧਿਰਾਂ ਦੀ ਮੀਟਿੰਗ ਨੂੰ ‘ਫੋਟੋ ਸੈਸ਼ਨ’ ਕਰਾਰ ਦਿੱਤਾ ਹੈ। ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰਾਂ ਦਾ ਇਕਜੁੱਟ ਹੋਣਾ ਲਗਪਗ ਅਸੰਭਵ ਹੈ ਤੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਨੂੰ ਮੂੰਹ ਦੀ ਖਾਣੀ ਪਏਗੀ। ਜੰਮੂ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਜੰਮ ਕੇ ਭੰਡਿਆ। ਸ਼ਾਹ ਨੇ ਕਿਹਾ ਕਿ ਰਾਹੁਲ ਨੂੰ ਹਰੇਕ ਚੀਜ਼ ਦੀ ਨੁਕਤਾਚੀਨੀ ਕਰਨ ਦੀ ਆਦਤ ਹੈ। ਉਨ੍ਹਾਂ ਬਿਹਾਰ ਦੀ ਰਾਜਧਾਨੀ ਵਿਚ ਵਿਰੋਧੀ ਧਿਰਾਂ ਦੀ ਮੀਟਿੰਗ ਦੇ ਹਵਾਲੇ ਨਾਲ ਕਿਹਾ, ‘‘ਪਟਨਾ ਵਿੱਚ ਫੋਟੋ ਸੈਸ਼ਨ ਹੋ ਰਿਹਾ ਹੈ। ਸਾਰੀਆਂ ਵਿਰੋਧੀ ਪਾਰਟੀਆਂ ਇਕ ਮੰਚ ’ਤੇ ਆਈਆਂ ਹਨ ਤਾਂ ਕਿ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਉਹ (2024 ਵਿੱਚ) ਭਾਜਪਾ, ਐੱਨਡੀਏ ਤੇ ਮੋਦੀ ਨੂੰ ਚੁਣੌਤੀ ਦੇਣਗੀਆਂ।’’ ਸ਼ਾਹ ਨੇ ਕਿਹਾ, ‘‘ਮੈਂ ਇਨ੍ਹਾਂ ਵਿਰੋਧੀ ਧਿਰਾਂ ਨੂੰ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਹਾਡਾ ਏਕਾ ਲਗਪਗ ਨਾਮੁਮਕਿਨ ਹੈ ਅਤੇ ਜੇਕਰ ਸੱਚਮੁੱਚ ਅਜਿਹਾ ਹੁੰਦਾ ਹੈ ਤਾਂ ਕ੍ਰਿਪਾ ਕਰਕੇ ਲੋਕਾਂ ਦੇ ਸਾਹਮਣੇ ਹੋਣਾ, ਕਿਉਂਕਿ 2024 ਵਿੱਚ ਮੋਦੀ ਦੀ 300 ਤੋਂ ਵੱਧ ਸੀਟਾਂ ਨਾਲ ਵਾਪਸੀ ਪੱਕੀ ਹੈ।’’ ਕੇਂਦਰੀ ਮੰਤਰੀ ਨੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਰਾਹੁਲ ਬਾਬਾ ਨੂੰ ਨੁਕਤਾਚੀਨੀ ਕਰਨ ਦੀ ਆਦਤ ਹੈ…ਫਿਰ ਚਾਹੇ ਧਾਰਾ 370 ਹੋਵੇ, ਰਾਮ ਮੰਦਿਰ ਦੀ ਨੀਂਹ ਰੱਖਣੀ ਹੋਵੇ ਜਾਂ ਫਿਰ ਤਿੰਨ ਤਲਾਕ ’ਤੇ ਪਾਬੰਦੀ। ਉਨ੍ਹਾਂ ਕਿਹਾ ਕਿ 2024 ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੋਦੀ ਖਿਲਾਫ਼ ਰਾਹੁਲ ਗਾਂਧੀ ਨੂੰ ਉਤਾਰੇ ਜਾਣ ਦੀਆਂ ਗੱਲਾਂ ਹੋ ਰਹੀਆਂ ਹਨ, ਪਰ ਲੋਕਾਂ ਨੂੰ ਪਤਾ ਹੈ ਕਿ ਕਿਸ ਨੂੰ ਚੁਣਨਾ ਹੈ।’’