ਸੁਲਤਾਨਪੁਰ ਲੋਧੀ, 29 ਅਕਤੂਬਰ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ 3 ਨਵੰਬਰ ਨੂੰ ਕਰਵਾਈ ਜਾ ਰਹੀ ਹੈਰੀਟੇਜ ਵਾਕ ਲੋਕਾਂ ਨੂੰ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਅਤੇ ਸ਼ਾਂਤੀ ਦੇ ਸੰਦੇਸ਼ ਨਾਲ ਜੋੜਨ ਵਿੱਚ ਸਹਾਈ ਹੋਵੇਗੀ।
ਡਾਇਰੈਕਟਰ ਲੋਕ ਸੰਪਰਕ ਜੋ ਕਿ ਅੱਜ ਸੁਲਤਾਨਪੁਰ ਲੋਧੀ ਵਿਖੇ ਹੈਰੀਟੇਜ ਵਾਕ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਸਨ ਨੇ ਕਿਹਾ ਕਿ ਹੈਰੀਟੇਜ ਵਾਕ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਦਾ ਪ੍ਰਚਾਰ ਤੇ ਪ੍ਰਸਾਰ ਕਰੇਗੀ ਉਥੇ ਹੀ ਸ਼ਹਿਰ ਦੇ 10 ਸਦੀਆਂ ਪੁਰਾਣੇ ਇਤਿਹਾਸ ਨੂੰ ਵੀ ਰੂਪਮਾਨ ਕਰੇਗੀ।
ਉਨਾਂ ਐਸ.ਡੀ.ਐਮ.ਡਾ.ਚਾਰੂਮਿਤਾ ,ਮੇਲਾ ਅਫ਼ਸਰ ਨਵਨੀਤ ਕੌਰ ਬੱਲ, ਡੀ.ਐਸ.ਪੀ.ਵਿਸ਼ਾਲਜੀਤ ਸਿੰਘ ਨਾਲ ਹੈਰੀਟੇਜ ਵਾਕ ਦੇ ਰੂਟ ਦਾ ਪੈਦਲ ਚੱਲ ਕੇ ਨਿਰੀਖਣ ਕੀਤਾ। ਹੈਰੀਟੇਜ ਵਾਕ ਸ਼ਹੀਦ ਊਧਮ ਸਿੰਘ ਚੌਕ ਤੋਂ ਸਵੇਰੇ 7.15 ਵਜੇ ਸ਼ੁਰੂ ਹੋਵੇਗੀ ਜੋ ਕਿ ਗੁਰੂ ਦੁਆਰਾ ਗੁਰੂ ਕਾ ਬਾਗ਼, ਗੁਰਦੁਆਰਾ ਕੋਠੜੀ ਸਾਹਿਬ, ਬੇਬੇ ਨਾਨਕੀ ਘਰ, ਗੁਰਦੁਆਰਾ ਹੱਟ ਸਾਹਿਬ ਤੋਂ ਹੁੰਦੀ ਹੋਈ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮਾਪਤ ਹੋਵੇਗੀ।
੍ਰਹੈਰੀਟੇਜ ਵਾਕ ਵਿੱਚ ਜਿਥੇ ਪਟਿਆਲਾ ਫਾਊਂਡੇਸ਼ਨ ਦੇ 300 ਤੋਂ ਜ਼ਿਆਦਾ ਵਲੰਟੀਅਰ ਭਾਗ ਲੈਣਗੇ ਉਥੇ ਹੀ ਖੇਡਾਂ, ਸਭਿਆਚਾਰ, ਧਾਰਮਿਕ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਵਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਜਾਵੇਗੀ। ਡਾਇਰੈਕਟਰ ਲੋਕ ਸੰਪਰਕ ਵਲੋਂ ਪ੍ਰਕਾਸ਼ ਪੁਰਬ ਵਲੋਂ ਪੰਜਾਬ ਸਰਕਾਰ ਵਲੋਂ ਬਣਾਏ ਮੁੱਖ ਪੰਡਾਲ ਵਿਖੇ ਮੀਡੀਆ ਸੈਂਟਰ ਦਾ ਵੀ ਨਿਰੀਖਣ ਕੀਤਾ ਗਿਆ। ਇਸ ਮੀਡੀਆ ਸੈਂਟਰ ਵਿੱਚ ਵਰਕ ਸਟੇਸ਼ਨ, ਹੈਲਪ ਡੈਸਕ, ਮੀਡੀਆਂ ਲਾਂਜ, ਅਵਾਜ਼ ਰਹਿਤ ਰਿਕਾਰਡਿੰਗ ਸਟੂਡੀਓ ਵੀ ਬਣਾਇਆ ਗਿਆ ਹੈ। ਉਨਾਂ ਪਹਿਲੀ ਤੋਂ 12 ਨਵੰਬਰ ਤੱਕ ਹੋਣ ਵਾਲੇ ਅਵਾਜ਼ ਅਤੇ ਰੌਸ਼ਨੀ ਪ੍ਰੋਗਰਾਮ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਪਟਿਆਲਾ ਫਾਊਂਡੇਸ਼ਨ ਦੇ ਚੇਅਰਮੈਨ ਰਵੀ ਆਹਲੂਵਾਲੀਆ, ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ, ਪਿ੍ਰੰਸੀਪਲ ਨਵਚੇਤਨ ਸਿੰਘ ਤੇ ਹੋਰ ਹਾਜ਼ਰ ਸਨ।