ਮੁੱਖ ਮੰਤਰੀ ਸਾਹਿਬ ਪਹਿਲਾਂ ਮਹਿਲਾਵਾਂ ਦੇ ਖਾਤਿਆਂ ਵਿੱਚ ਤਾਂ ਪੈਸੇ ਭੇਜ਼ ਦੇਵੋ ਫਿਰ ਕਰਿਓ ਨੌਜਵਾਨਾਂ ਨਾਲ ਵਾਅਦਾ: ਖੰਨਾ

ਬਜ਼ਟ ਬਣਾਉਣ ਵੇਲੇ ਵਾਅਦਿਆਂ ਦੀ ਪੂਰਤੀ ਲਈ ਫੰਡ ਦਾ ਐਲਾਨ ਕਰਨਾ ਭੁੱਲੀ ਸਰਕਾਰ: ਖੰਨਾ

ਚੰਡੀਗੜ੍ਹ, 5 ਅਪ੍ਰੈਲ : ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਆਰਥਿਕ ਮੱਦਦ ਦੇਣ ਦੇ ਐਲਾਨ ਨੂੰ ਇੱਕ ਹਵਾਈ ਵਾਅਦਾ ਦੱਸਿਆ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਖੰਨਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਅੱਜ ਲਾਇਵ ਹੋ ਕੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਮਾਲੀ ਮੱਦਦ ਦੇਣ ਦਾ ਦਾਅਵਾ ਤਾਂ ਕਰ ਦਿੱਤਾ, ਪਰ ਮੁੱਖ ਮੰਤਰੀ ਇਹ ਭੁੱਲ ਗਏ ਕਿ ਪਹਿਲਾਂ ਉਨ੍ਹਾਂ ਨੇ ਮਹਿਲਾਵਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਵੀ ਐਲਾਨ ਕੀਤਾ ਸੀ। ਪਰ ਸਾਲ ਬੀਤਣ ਬਾਅਦ ਨਾ ਤਾਂ ਕਿਸੇ ਮਹਿਲਾ ਨੂੰ ਇਹ ਰਾਸ਼ੀ ਮਿਲ ਸਕੀ ਹੈ ਅਤੇ ਨਾ ਹੀ ਸਰਕਾਰ ਨੇ ਆਪਣੇ ਬੱਜਟ ਵਿੱਚ ਅਜਿਹੀ ਸਹੂਲਤ ਲਈ ਕੋਈ ਰਾਸ਼ੀ ਰਾਖਵੀਂ ਰੱਖੀ ਹੈ।

ਸ਼੍ਰੀ ਖੰਨਾ ਨੇ ਕਿਹਾ ਕਿ ਅੱਜ ਜਦੋਂ ਮੁੱਖ ਮੰਤਰੀ ਨੌਜਵਾਨਾਂ ਲਈ ਇਹ ਐਲਾਨ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਸੀ ਕਿ ਸਰਕਾਰ ਨੇ ਇਸ ਕਾਰਜ ਲਈ ਲਈ ਕਿਹੜਾ ਫੰਡ ਰਾਖਵਾਂ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ਵਿੱਚ ਤਾਂ ਨੇੜਲੇ ਭਵਿੱਖ ਵਿੱਚ ਕੋਈ ਚੋਣਾਂ ਹੋਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ ਫਿਰ ਮੁੱਖ ਮੰਤਰੀ ਨੂੰ ਅਜਿਹੇ ਝੂਠੇ ਵਾਅਦੇ ਕਰਨ ਦੀ ਕੀ ਲੋੜ ਪੈ ਗਈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪੰਜਾਬ ਸਰਕਾਰ ਆਪਣੇ ਮਕਸਦ ਤੋਂ ਭਟਕ ਚੁੱਕੀ ਹੈ ਅਤੇ ਹੁਣ ਡੰਗ ਟਪਾਊ ਨੀਤੀਆਂ ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਝੂਠੀਆਂ ਉਮੀਦਾਂ ਦੇ ਸਹਾਰੇ ਜਿਉਣ ਲਈ ਮਜ਼ਬੂਰ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਦਿੱਤਾ ਸੀ, ਪਰ ਇਹ ਸਰਕਾਰ ਕਿਸੇ ਵੀ ਵਾਅਦੇ ਜਾਂ ਉਮੀਦ ਤੇ ਖਰੀ ਨਹੀਂ ਉਤਰ ਸਕੀ। ਸ਼੍ਰੀ ਖੰਨਾ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਪਹਿਲਾਂ ਉਹ ਵੋਟਾਂ ਸਮੇਂ ਕੀਤੇ ਵਾਅਦਿਆਂ ਨੂੰ ਹੀ ਪੂਰਾ ਕਰ ਲੈਣ ਫਿਰ ਕੋਈ ਨਵਾਂ ਵਾਅਦਾ ਕਰਨ।