ਜ਼ੀ ਟੀਵੀ ਇੱਕ ਰੁਮਾਂਟਿਕ ਸ਼ੋਅ ‘ਅਗਰ ਤੁਮ ਨਾ ਹੋਤੇ’ ਲੈ ਕੇ ਆਇਆ ਹੈ। ਇਹ ਕਹਾਣੀ ਨਿਅਤੀ ਮਿਸ਼ਰਾ (ਸਿਮਰਨ ਕੌਰ) ਦੀ ਹੈ ਜੋ ਜਵਾਨ, ਮਿਹਨਤੀ ਅਤੇ ਸਮਰਪਿਤ ਨਰਸ ਹੈ। ਦੂਜੇ ਪਾਸੇ ਅਭਿਮਨਿਯੂ ਪਾਂਡੇ (ਹਿਮਾਂਸ਼ੂ ਸੋਨੀ) ਇੱਕ ਆਕਰਸ਼ਕ, ਅਮੀਰ ਅਤੇ ਆਮ ਨਜ਼ਰ ਆਉਣ ਵਾਲਾ ਲੜਕਾ ਹੈ, ਹਾਲਾਂਕਿ ਉਸ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਜਿੱਥੇ ਹਿਮਾਂਸ਼ੂ ਸੋਨੀ ਅਭਿਮਨਿਯੂ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ, ਉੱਥੇ ਹੀ ਟੈਲੀਵਿਜ਼ਨ ਅਭਿਨੇਤਰੀ ਸਿਮਰਨ ਕੌਰ ਪਰਦੇ ’ਤੇ ਨਿਅਤੀ ਦਾ ਕਿਰਦਾਰ ਨਿਭਾਏਗੀ। ਇਹ ਅਭਿਨੇਤਰੀ ਆਪਣੇ ਨਵੇਂ ਅਵਤਾਰ ਨਾਲ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਨੂੰ ਤਿਆਰ ਹੈ, ਪਰ ਇਸ ਤੋਂ ਪਹਿਲਾਂ ਸਿਮਰਨ ਦੇ ਕਰੀਅਰ ਦੇ ਸਫ਼ਰ ਬਾਰੇ ਗੱਲ ਕਰਦੇ ਹਾਂ।
ਜਿਨ੍ਹਾਂ ਨੂੰ ਨਹੀਂ ਪਤਾ, ਉਨ੍ਹਾਂ ਨੂੰ ਦੱਸ ਦਈਏ ਕਿ ਸਿਮਰਨ ਆਪਣੇ ਬਚਪਨ ਤੋਂ ਹੀ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਨੋਬਿਤਾ (ਡੋਰੇਮੌਨ ਕਾਰਟੂਨ) ਦੀ ਆਵਾਜ਼ ਰਹੀ ਹੈ। ਅਜਿਹੀ ਉਮਰ ਵਿੱਚ ਜਿੱਥੇ ਬੱਚਿਆਂ ਨੂੰ ਜ਼ਿੰਦਗੀ ਬਾਰੇ ਸ਼ਾਇਦ ਹੀ ਕੁਝ ਪਤਾ ਹੁੰਦਾ ਹੈ ਕਿ ਉਹ ਅੱਗੇ ਕਿੱਥੇ ਜਾਣਾ ਚਾਹੁੰਦੇ ਹਨ, ਉਦੋਂ ਉਸ ਨੇ ਪਹਿਲਾਂ ਹੀ ਆਪਣਾ ਕਰੀਅਰ ਚੁਣ ਲਿਆ ਸੀ ਅਤੇ ਸਭ ਤੋਂ ਪਸੰਦੀਦਾ ਕਾਰਨੂਟ ਕਰੈਕਟਰ ਨੋਬਿਤਾ ਨੂੰ ਆਪਣੀ ਖੂਬਸੂਰਤ ਆਵਾਜ਼ ਦਿੱਤੀ ਸੀ। ਇੱਕ ਵੌਇਸ ਓਵਰ ਆਰਟਿਸਟ ਤੋਂ ਐਂਟਰਟੇਨਮੈਂਟ ਇੰਡਸਟਰੀ ਵਿੱਚ ਇੱਕ ਲੀਡ ਐਕਟਰ ਬਣਨ ਦਾ ਸਿਮਰਨ ਕੌਰ ਦਾ ਸਫ਼ਰ ਕਾਫ਼ੀ ਉਤਰਾਅ-ਚੜ੍ਹਾਅ ਭਰਿਆ ਰਿਹਾ।
ਆਪਣੇ ਸਫ਼ਰ ਅਤੇ ਹੁਣ ਤੱਕ ਦੇ ਅਨੁਭਵ ਬਾਰੇ ਦੱਸਦੇ ਹੋਏ ਸਿਮਰਨ ਕੌਰ ਨੇ ਕਿਹਾ, ‘‘ਮੈਨੂੰ ਬਚਪਨ ਤੋਂ ਹੀ ਅਦਾਕਾਰੀ ਨਾਲ ਇੱਕ ਖਾਸ ਲਗਾਅ ਰਿਹਾ ਹੈ। ਲਗਭਗ ਇੱਕ ਦਹਾਕੇ ਤੱਕ ਮੈਂ ਆਪਣੀ ਕਿਸ਼ੋਰ ਅਵਸਥਾ ਦੌਰਾਨ ਨੋਬਿਤਾ ਦੀ ਆਵਾਜ਼ ਬਣੀ ਰਹੀ। ਇਸ ਦੌਰਾਨ ਮੈਂ ਇੱਕ ਐਕਟਰ ਬਣਨ ਲਈ ਬਹੁਤ ਮਿਹਨਤ ਕੀਤੀ ਅਤੇ ਆਪਣੀ ਅਦਾਕਾਰੀ ਵਿੱਚ ਸੁਧਾਰ ਲਿਆਉਣ ਲਈ ਵਰਕਸ਼ਾਪ ਅਤੇ ਕਲਾਸਾਂ ਵੀ ਲਈਆਂ, ਪਰ ਇਹ ਆਸਾਨ ਨਹੀਂ ਸੀ। ਆਪਣੇ ਪਹਿਲੇ ਲੀਡ ਸ਼ੋਅ ਵਿੱਚ ਕੰਮ ਕਰਨ ਤੋਂ ਪਹਿਲਾਂ ਮੈਂ ਨਕਾਰੇ ਜਾਣ ਦਾ ਵੀ ਸਾਹਮਣਾ ਕੀਤਾ। ਮੇਰੇ ਲਈ ਇਹ ਰਾਹ ਬਹੁਤ ਕਠਿਨ ਸੀ, ਪਰ ਇਸ ਦੌਰਾਨ ਮੈਂ ਕਾਫ਼ੀ ਕੁਝ ਸਿੱਖਿਆ। ‘ਅਗਰ ਤੁਮ ਨਾ ਹੋਤੇ’ ਮੇਰੇ ਲਈ ਅਜਿਹੇ ਸਮੇਂ ’ਤੇ ਇੱਕ ਆਸ਼ੀਰਵਾਦ ਬਣ ਕੇ ਆਇਆ ਹੈ, ਜਦੋਂ ਸਾਰੀ ਦੁਨੀਆ ਇੱਕ ਮੁਸ਼ਕਿਲ ਨਾਲ ਜੂਝ ਰਹੀ ਹੈ।’’
ਆਪਣੇ ਕਿਰਦਾਰ ਬਾਰੇ ਗੱਲ ਕਰਦੇ ਹੋਏ ਸਿਮਰਨ ਕੌਰ ਨੇ ਕਿਹਾ, ‘‘ਮੈਂ ਇੱਕ ਅਜਿਹੀ ਨਰਸ ਦਾ ਕਿਰਦਾਰ ਨਿਭਾ ਰਹੀ ਹਾਂ ਜਿਸ ਨੂੰ ਆਪਣੇ ਮਰੀਜ਼ਾਂ ਦਾ ਇਲਾਜ ਕਰਨ ਦਾ ਜਨੂੰਨ ਹੈ। ਉਹ ਇੱਕ ਸੱਚਾ ਕਿਰਦਾਰ ਹੈ ਜੋ ਸ਼ਾਇਰੀ ਅਤੇ ਪਿਆਰ ਦੀਆਂ ਗੱਲਾਂ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਇਸ ਕਿਰਦਾਰ ਨਾਲ ਕਾਫ਼ੀ ਜੁੜਦੀ ਹਾਂ ਕਿਉਂਕਿ ਮੈਨੂੰ ਵੀ ਪੜ੍ਹਨ ਦਾ ਬਹੁਤ ਸ਼ੌਕ ਹੈ। ਮੈਨੂੰ ਲੱਗਦਾ ਹੈ ਕਿ ਨਿਅਤੀ ਅਤੇ ਸਿਮਰਨ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ਜੋ ਜ਼ਿੰਦਗੀ ਅਤੇ ਸ਼ਾਇਰੀ ਵਿਚਕਾਰ ਅੱਗੇ ਵਧਦੇ ਹਨ।’’
ਜਿੱਥੇ ‘ਅਗਰ ਤੁਮ ਨਾ ਹੋਤੇ’ ਦਾ ਪ੍ਰੋਮੋ ਦੇਸ਼ ਭਰ ਦੇ ਲੋਕਾਂ ਵਿੱਚ ਦਿਲਚਸਪੀ ਜਗਾ ਰਿਹਾ ਹੈ, ਉੱਥੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਭਿਮਨਿਯੂ ਦਾ ਇਲਾਜ ਕਰਨ ਅਤੇ ਉਸ ਨੂੰ ਠੀਕ ਕਰਨ ਲਈ ਨਿਅਤੀ ਕਿਸ ਹੱਦ ਤੱਕ ਜਾਵੇਗੀ?