ਨਵੀਂ ਦਿੱਲੀ, 14 ਦਸੰਬਰ
ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਲੋਕ ਸਭਾ ਵਿਚ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਨੀਤੀਆਂ ਬਣਾਉਣ ਦੇ ਪੱਖ ਤੋਂ ਸਰਕਾਰ ’ਚ ਦੂਰਅੰਦੇਸ਼ੀ ਦੀ ਘਾਟ ਰਹੀ ਹੈ ਤੇ ਇਸ ਕਾਰਨ ਹੁਣ ਆਰਥਿਕ ਉਭਾਰ ਬਾਰੇ ‘ਅਨਿਸ਼ਚਿਤਤਾ’ ਦਾ ਮਾਹੌਲ ਬਣ ਗਿਆ ਹੈ। ਥਰੂਰ ਨੇ ਕਿਹਾ ਕਿ ਮੁਲਕ ਮਹਾਮਾਰੀ ਦਰਮਿਆਨ ‘ਇਕ ਸੰਕਟ’ ਦਾ ਗਵਾਹ ਬਣ ਰਿਹਾ ਹੈ ਪਰ ਇਸ ਦੀ ਨੀਂਹ ਉਦੋਂ ਹੀ ਰੱਖੀ ਗਈ ਸੀ ਜਦ ਸਰਕਾਰ ਨੇ 2016 ਵਿਚ ਹਜ਼ਾਰ ਤੇ 500 ਦੇ ਨੋਟ ਬੰਦ ਕਰਨ ਦਾ ਫ਼ੈਸਲਾ ਲਿਆ ਸੀ। ਥਰੂਰ ਨੇ ਇਸੇ ਦੌਰਾਨ ਸੰਨ 2021-22 ਲਈ ਗਰਾਂਟਾਂ ਦੀ ਮੰਗ ਉਤੇ ਬਹਿਸ ਦੀ ਸ਼ੁਰੂਆਤ ਵੀ ਕੀਤੀ। ਕਾਂਗਰਸ ਆਗੂ ਨੇ ਕਿਹਾ ਕਿ ਹਰ ਪਾਸੇ ਸੰਕਟ ਹੈ। ਨੋਟਬੰਦੀ ਤੋਂ ਬਾਅਦ ਲਗਾਤਾਰ ਅਰਥਵਿਵਸਥਾ ਨਿੱਘਰ ਰਹੀ ਹੈ। ਇਸ ਸਾਲ ਫਰਵਰੀ ਵਿਚ ਪੇਸ਼ ਕੀਤੇ ਗਏ ਕੇਂਦਰੀ ਬਜਟ ’ਚ ਰੱਖੀ ਗਈ ਰਾਸ਼ੀ ਦੀ ਤਜਵੀਜ਼ ਉਤੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਥਰੂਰ ਨੇ ਕਿਹਾ ਕਿ ਖ਼ਰਚ ਦਾ ਅੰਦਾਜ਼ਾ ਲਾਉਣ ਵਿਚ ਸਰਕਾਰ ਨਾਕਾਮ ਹੋਈ ਹੈ ਤੇ ਹੁਣ ਵਾਧੂ ਮੰਗ ਕਰਨੀ ਪੈ ਰਹੀ ਹੈ।