ਮੁੰਬਈ:ਬੌਲੀਵੁੱਡ ਅਦਾਕਾਰਾ ਨੀਤੂ ਕਪੂਰ ਨੇ ਹਾਲ ਹੀ ਵਿੱਚ ‘ਇੰਡੀਅਨ ਆਇਡਲ ਸੀਜ਼ਨ-12’ ਦੌਰਾਨ ਜੱਜ ਦੀ ਭੂਮਿਕਾ ਨਿਭਾ ਰਹੀ ਗਾਇਕਾ ਨੇਹਾ ਕੱਕੜ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। ਨੀਤੂ ਨੇ ਕਿਹਾ ਕਿ ਉਸ ਦੇ ਨੇਹਾ ਨਾਲ ਗੂੜ੍ਹੇ ਸਬੰਧ ਹਨ, ਜੋ ਪੇਸ਼ੇਵਰ ਨਹੀਂ ਸਗੋਂ ਨਿੱਜੀ ਹਨ। ਉਸ ਨੇ ਕਿਹਾ, ‘‘ਨੇਹਾ ਇੱਕ ਗਾਇਕਾ ਹੀ ਨਹੀਂ ਸਗੋਂ ਮੇਰੀ ਧੀ ਵਰਗੀ ਹੈ। ਮੇਰੀਆਂ ਦੁਆਵਾਂ ਹਮੇਸ਼ਾਂ ਉਸ ਦੇ ਨਾਲ ਹਨ।’’ ਨੀਤੂ ਵੱਲੋਂ ਵਿਆਹ ਦਾ ਸ਼ਗਨ ਦੇਣ ’ਤੇ ਨੇਹਾ ਨੇ ਧੰਨਵਾਦ ਕੀਤਾ। ਨੇਹਾ ਕੱਕੜ ਨੇ ਕਿਹਾ, ‘‘ਮਸ਼ਹੂਰ ਅਦਾਕਾਰਾ ਦੀਆਂ ਦੁਆਵਾਂ ਲਈ ਉਸ ਕੋਲ ਸ਼ਬਦ ਨਹੀਂ ਹਨ। ਮੇਰੇ ਸਾਰੇ ਸਫ਼ਰ ਵਿੱਚ ਇਹ ਜੋ ਵੀ ਹੋਇਆ ਬਹੁਤ ਚੰਗਾ ਹੋਇਆ। ਮੈਂ ਸਾਰੀ ਜ਼ਿੰਦਗੀ ਇਸ ਨੂੰ ਆਪਣੇ ਨਾਲ ਰੱਖਾਂਗੀ’’। ਜ਼ਿਕਰਯੋਗ ਹੈ ਕਿ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਬੀਤੇ ਸਾਲ ਅਕਤੂਬਰ ਵਿੱਚ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾਇਆ ਸੀ। ਉਪਰੰਤ ਉਹ ਆਪਣੀ ਐਲਬਮ ‘ਨੇਹੂ ਦਾ ਵਿਆਹ’ ਲੈ ਕੇ ਆਈ ਸੀ, ਜਿਸ ਵਿੱਚ ਰੋਹਨਪ੍ਰੀਤ ਵੀ ਨਜ਼ਰ ਆਇਆ ਸੀ।