ਮੁੰਬਈ:ਬੌਲੀਵੁੱਡ ਜੋੜੇ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਆਪਣੀ ਦੂਜੀ ਔਲਾਦ ਦਾ ਸਵਾਗਤ ਕੀਤਾ, ਜੋ ਕਿ ਇੱਕ ਲੜਕਾ ਹੈ। ਅੰਗਦ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਪਤਨੀ ਨੇਹਾ ਨਾਲ ਇੱਕ ਤਸਵੀਰ ਸਾਂਝੀ ਕੀਤੀ। ਤਸਵੀਰ ਦੇ ਨਾਲ ਕੈਪਸ਼ਨ ਵਿੱਚ ਉਸ ਨੇ ਲਿਖਿਆ, ‘‘ਪ੍ਰਮਾਤਮਾ ਨੇ ਅੱਜ ਸਾਨੂੰ ਇੱਕ ਪੁੱਤਰ ਦੀ ਦਾਤ ਦਿੱਤੀ ਹੈ। ਨੇਹਾ ਅਤੇ ਬੱਚਾ ਦੋਵੇਂ ਠੀਕ ਹਨ।’’ ਜੋੜੇ ਦੀ ਪਹਿਲਾਂ ਇੱਕ ਧੀ ਹੈ, ਜਿਸ ਦਾ ਨਾਮ ਮੇਹਰ ਹੈ ਅਤੇ ਉਸ ਦਾ ਜਨਮ 2018 ਵਿੱਚ ਹੋਇਆ ਸੀ। ਅੰਗਦ ਨੇ ਅੱਗੇ ਲਿਖਿਆ, ‘‘ਮੇਹਰ ‘ਬੇਬੀ’ ਦਾ ਖਿਤਾਬ ਨਵੇਂ ਮਹਿਮਾਨ ਨੂੰ ਦੇਣ ਲਈ ਤਿਆਰ ਹੈ। #ਬੇਦੀ’ਜ ਬੁਆਏ ਇੱਥੇ ਹੈ!!! ਵਾਹਿਗੁਰੂ ਮਿਹਰ ਕਰੇ। ਇਸ ਸਫ਼ਰ ਦੌਰਾਨ ਇੱਕ ਯੋਧੇ ਵਾਂਗ ਜੂਝਣ ਲਈ @ਨੇਹਾ ਧੂਪੀਆ ਦਾ ਧੰਨਵਾਦ। ਆਓ, ਇਸ ਨੂੰ ਆਪਣੇ ਚਾਰਾਂ ਲਈ ਹੋਰ ਯਾਦਗਾਰ ਬਣਾਈਏ।’’ ਨੇਹਾ ਅਤੇ ਅੰਗਦ ਨੇ ਚੁੱਪ-ਚੁਪੀਤੇ ਮਈ 2018 ਵਿੱਚ ਵਿਆਹ ਕਰਵਾਇਆ ਸੀ। ਇਸ ਸਾਲ ਜੁਲਾਈ ਮਹੀਨੇ ਦੌਰਾਨ ਜੋੜੇ ਨੇ ਇੰਸਟਾਗ੍ਰਾਮ ’ਤੇ ਐਲਾਨ ਕੀਤਾ ਸੀ ਕਿ ਉਹ ਦੂਜੇ ਬੱਚੇ ਦੀ ਉਮੀਦ ਕਰ ਰਹੇ ਹਨ।