ਮੁੰਬਈ, 30 ਅਕਤੂਬਰ

ਨਵਵਿਆਹੀ ਗਾਇਕਾ ਨੇਹਾ ਕੱਕੜ ਨੇ ਇੰਸਟਾਗ੍ਰਾਮ ’ਤੇ ਆਪਣੇ ਪ੍ਰੋਫਾਈਲ ਨੂੰ ਅਪਡੇਟ ਕਰਦਿਆਂ ਆਪਣੇ ਨਾਮ ਨਾਲ ‘ਸ੍ਰੀਮਤੀ ਸਿੰਘ’ ਜੋੜ ਦਿੱਤਾ ਹੈ। ਨੇਹਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਖਾਤੇ ਵਿੱਚ ਆਪਣੇ ਨਾਮ ਦੇ ਨਾਲ ਬਰੈਕਟ ਵਿੱਚ ਸ੍ਰੀਮਤੀ ਸਿੰਘ ਜੋੜਿਆ ਹੈ। ਗਾਇਕਾ ਦਾ ਨਾਮ ਹੁਣ ‘ਨੇਹਾ ਕੱਕੜ (ਸ੍ਰੀਮਤੀ ਸਿੰਘ)’ ਵਜੋਂ ਪੜ੍ਹਿਆ ਜਾਂਦਾ ਹੈ। ਨੇਹਾ ਪਿਛਲੇ ਦਿਨੀਂ (ਲੰਘੇ ਸ਼ਨਿੱਚਰਵਾਰ ਨੂੰ) ਗਾਇਕ ਰੋਹਨਪ੍ਰੀਤ ਸਿੰਘ ਨਾਲ ਸਿੱਖ ਰਸਮਾਂ ਮੁਤਾਬਕ ਆਨੰਦ ਕਾਰਜ ਕਰਵਾ ਕੇ ਵਿਆਹ ਬੰਧਨ ਵਿੱਚ ਬੱਝ ਗਈ ਸੀ। ਨੇਹਾ ਨੇ ਸੋਸ਼ਲ ਮੀਡੀਆ ਸਾਈਟ ’ਤੇ ਵਿਆਹ ਦੇ ਨਾਲ ਆਪਣੀ ਹਲਦੀ ਤੇ ਮਹਿੰਦੀ ਰਸਮ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਵਿਆਹ ਵਾਲੇ ਦਿਨ ਨੇਹਾ ਨੇ ਖੱਟਾ ਗੁਲਾਬੀ ਰੰਗ ਦਾ ਸਬਿਆਸਾਚੀ ਲਹਿੰਗਾ ਪਾਇਆ ਸੀ, ਜਿਸ ਦੀ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੱਲੋਂ ਆਪਣੇ ਵਿਆਹ ਮੌਕੇ ਪਾਈ ਪੁਸ਼ਾਕ ਤੇ ਗਹਿਣਿਆਂ ਨਾਲ ਤੁਲਨਾ ਕੀਤੀ ਹੈ। ਨੇਹਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਵਿਆਹ ਵਾਲੇ ਲਹਿੰਗੇ ਨੂੰ ‘ਡਰੀਮ ਪੁਸ਼ਾਕ’ ਕਰਾਰ ਦਿੱਤਾ ਹੈ। ਨੇਹਾ ਨੂੰ ਇਹ ਪੁਸ਼ਾਕ ਇਕ ਡਿਜ਼ਾਈਨਰ ਨੇ ਤੋਹਫ਼ੇ ਵਿੱਚ ਦਿੱਤੀ ਸੀ।