ਨਵੀਂ ਦਿੱਲੀ, 3 ਅਗਸਤ

ਹਿੰਦੂ ਸੱਜੇ-ਪੱਖੀ ਜਥੇਬੰਦੀਆਂ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਨੇ ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਭੜਕੀ ਹਿੰਸਾ ਨੂੰ ਲੈ ਕੇ ਅੱਜ ਨੋਇਡਾ ਸਣੇ ਦਿੱਲੀ ਕੌਮੀ ਰਾਜਧਾਨੀ ਖੇਤਰ ਵਿੱਚ ਵੱਖ ਵੱਖ ਥਾਈਂ ਵਿਰੋਧ ਪ੍ਰਦਰਸ਼ਨ ਕੀਤਾ। ਜਥੇਬੰਦੀਆਂ ਨੇ ਮੰਗ ਕੀਤੀ ਕਿ ਝੜਪਾਂ ਦੌਰਾਨ ਮਾਰੇ ਗਏ ਬਜਰੰਗ ਦਲ ਯੂਥ ਵਿੰਗ ਦੇ ਦੋ ਮੈਂਬਰਾਂ ਦੇ ਵਾਰਸਾਂ ਦੀ ਵਿੱਤੀ ਮਦਦ ਕੀਤੀ ਜਾਵੇ। ਇਨ੍ਹਾਂ ਜਥੇਬੰਦੀਆਂ ਨੇ ਧਾਰਾ 144 ਆਇਦ ਹੋਣ ਦੇ ਬਾਵਜੂਦ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਰੋਸ ਪ੍ਰਦਰਸ਼ਨ ਕੀਤਾ। ਰੋਸ ਮੁਜ਼ਾਹਰੇ ਵਿੱਚ ਦੋਵਾਂ ਜਥੇਬੰਦੀਆਂ ਦੇ ਸੈਂਕੜੇ ਮੈਂਬਰ ਸ਼ਾਮਲ ਹੋਏ। ਨੌਇਡਾ ਦੇ ਸੈਕਟਰ 21ਏ ਵਿਚ ਸਟੇਡੀਅਮ ਤੋਂ ਸ਼ੁਰੂ ਹੋਇਆ ਰੋਸ ਮੁਜ਼ਾਹਰਾ ਸੈਕਟਰ 27 ਵਿੱਚ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਨੇੜੇ ਖ਼ਤਮ ਹੋਇਆ। ਰੋਸ ਪ੍ਰਦਰਸ਼ਨਾਂ ਕਰਕੇ ਕਈ ਥਾਈਂ ਟਰੈਫਿਕ ਆਵਾਜਾਈ ਪ੍ਰਭਾਵਿਤ ਹੋਈ। ਬਜਰੰਗ ਦਲ ਦੇ ਸਮਰਥਕ ਕੌਮੀ ਰਾਜਧਾਨੀ ਵਿੱਚ ਨਿਰਮਾਣ ਵਿਹਾਰ ਦੇ ਮੈਟਰੋ ਸਟੇਸ਼ਨ ਨੇੜੇ ਇਕੱਤਰ ਹੋਏ, ਜਿੱਥੇ ਉਨ੍ਹਾਂ ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਉਨ੍ਹਾਂ ਨੇ ਮਗਰੋਂ ਵਿਕਾਸ ਮਾਰਗ ’ਤੇ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਉਨ੍ਹਾਂ ਨੂੰ ਉਥੋਂ ਖਿੰਡਾ ਦਿੱਤਾ। ਐੱਨਸੀਆਰ ਦੇ ਉੱਤਰ-ਪੂਰਬੀ ਹਿੱਸੇ ਵਿੱਚ ਬਜਰੰਗ ਦਲ ਦੇ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ ਤੇ ‘‘ਜੈ ਸ੍ਰੀ ਰਾਮ’’ ਦੇ ਨਾਅਰੇ ਲਗਾਏ। ਪੁਲੀਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਪੂਰਬੀ ਦਿੱਲੀ ਦੇ ਘੋਂਡਾ ਚੌਕ, ਨਿਰਮਾਣ ਵਿਹਾਰ ਮੈਟਰੋ ਸਟੇਸ਼ਨ ਤੇ ਸੁਭਾਸ਼ ਚੌਕ ਨੇੜੇ ਵੀ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਬੈਨਰ ਚੁੱਕੇ ਹੋਏ ਸਨ।

ਉਧਰ ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਨਾਲ ਲੱਗਦੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਹਿੰਸਾ ਨੂੰ ਦੇਖਦਿਆਂ ਸਾਰੀਆਂ ਸੰਵੇਦਨਸ਼ੀਲ ਥਾਵਾਂ ’ਤੇ ਸੁਰੱਖਿਆ ਵਧਾ ਦਿੱਤੀ ਹੈ। ਦਿੱਲੀ ਪੁਲੀਸ ਨੇ ਕਿਹਾ ਕਿ ਕੌਮੀ ਰਾਜਧਾਨੀ ਦੀ ਸੁਰੱਖਿਆ ਤੇ ਫਿਰਕੂ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਦੀ ਕਿਸੇ ਵੀ ਕੋਈ ਕੋਸ਼ਿਸ਼ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਪੁਲੀਸ ਨੇ ਇਹਤਿਆਤ ਵਜੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਵਧਾ ਦਿੱਤੀ ਹੈ ਤੇ ਸ਼ਾਂਤੀ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸਰਹੱਦਾਂ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸੁਰੱਖਿਆ ਲਈ ਡਰੋਨਾਂ ਨੂੰ ਵੀ ਇਸਤੇਮਾਲ ’ਚ ਲਿਆਂਦਾ ਗਿਆ ਹੈ। ਦਿੱਲੀ ਪੁਲੀਸ ਦੇ ਬੁਲਾਰੇ ਸੁਮਨ ਨਲਵਾ ਨੇ ਕਿਹਾ ਕਿ ਦਿੱਲੀ ਨਾਲ ਲੱਗਦੇ ਇਲਾਕਿਆਂ ਵਿੱਚ ਤਣਾਅ ਅਤੇ ਹਿੰਸਾ ਨੂੰ ਦੇਖਦੇ ਹੋਏ ਉਚਿਤ ਪ੍ਰਬੰਧ ਕੀਤੇ ਗਏ ਹਨ। ਉਧਰ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਕਿ ਇੱਕ ਕਲਿੱਪ ਸੋਮਵਾਰ ਤੋਂ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ। ਉਨ੍ਹਾਂ ਇੱਕ ਵੀਡੀਓ ਵੀ ਦਿਖਾਈ ਜਿਸ ਵਿੱਚ ਇੱਕ ਵਿਅਕਤੀ ‘ਸੜਕਾਂ ’ਤੇ ਖ਼ੂਨ ਵਹੇਗਾ’ ਦਾ ਨਾਅਰਾ ਲਾਉਂਦਾ ਦਿਸ ਰਿਹਾ ਹੈ। ਮਾਲੀਵਾਲ ਨੇ ਕਿਹਾ, ‘‘ਹੁਣ ਤੱਕ ਮਨੀਪੁਰ ਅਤੇ ਹਰਿਆਣਾ ਹਿੰਸਾ ਦਾ ਸ਼ਿਕਾਰ ਹੋਏ ਹਨ…ਕੀ ਹੁਣ ਦਿੱਲੀ ਨੂੰ ਵੀ ਪੀੜਤ ਬਣਨ ਦਿੱਤਾ ਜਾਵੇਗਾ? ਇੱਕ ਪਾਸੇ ਪੁਲੀਸ ਕਹਿ ਰਹੀ ਹੈ ਕਿ ਜੇਕਰ ਕੋਈ ਗਲਤ ਕਰਦਾ ਹੈ ਤਾਂ ਉਹ ਕਾਰਵਾਈ ਕਰੇਗੀ। ਇਹ ਵੀਡੀਓ ਮੰਗਲਵਾਰ ਤੋਂ ਵਾਇਰਲ ਹੋ ਰਿਹਾ ਹੈ। ਕੀ ਪੁਲੀਸ ਨੇ ਇਸ ਵੀਡੀਓ ਦੀ ਜਾਂਚ ਕੀਤੀ? ਜੇਕਰ ਵੀਡੀਓ ਸਹੀ ਹੈ ਤਾਂ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ?’’ ਪੁਲੀਸ ਨੇ ਹਾਲਾਂਕਿ ਮਾਲੀਵਾਲ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕਲਿੱਪ ਐਤਵਾਰ ਦੀ ਹੈ।