* ਹੋਰਨਾਂ ਰਾਜਾਂ ਤੋਂ ਯਾਤਰਾ ’ਚ ਸ਼ਾਮਲ ਹੋਣ ਲਈ ਪੁੱਜੇ ਲੋਕਾਂ ਨੂੰ ਗੁਰੂਗ੍ਰਾਮ ’ਚ ਰੋਕਿਆ
* ਸਬ-ਇੰਸਪੈਕਟਰ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ
* ਹਿੰਦੂ ਜਥੇਬੰਦੀਆਂ ਦੇ ਕੁਝ ਆਗੂਆਂ ਨੂੰ ਘਰਾਂ ’ਚ ਨਜ਼ਰਬੰਦ ਕਰਨ ਦਾ ਦਾਅਵਾ
ਨੂਹ/ਗੁਰੂਗ੍ਰਾਮ, 29 ਅਗਸਤ
ਸਰਵ ਜਾਤੀਯ ਹਿੰਦੂ ਮਹਾਪੰਚਾਇਤ ਵੱਲੋਂ ਨੂਹ ਜ਼ਿਲ੍ਹੇ ਵਿੱਚ ‘ਬ੍ਰਜ ਮੰਡਲ ਯਾਤਰਾ’ ਕੱਢਣ ਦੇ ਦਿੱਤੇ ਸੱਦੇ ਦਰਮਿਆਨ ਪ੍ਰਸ਼ਾਸਨ ਵੱਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ ਕਰਕੇ ਅੱਜ ਦਾ ਦਿਨ ਸੁਖੀ-ਸਾਂਦੀ ਲੰਘ ਗਿਆ ਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ। ਉਂਜ ਬਡਕਾਲੀ ਚੌਕ ਵਿਚ ਸੁਰੱਖਿਆ ਡਿਊਟੀ ’ਤੇ ਤਾਇਨਾਤ ਸਬ-ਇੰਸਪੈਕਟਰ ਹਕਮੂਦੀਨ (47) ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਨੂਹ ਪ੍ਰਸ਼ਾਸਨ ਨੇ ਭਾਵੇਂ ਯਾਤਰਾ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ, ਪਰ 15 ਹਿੰਦੂ ਧਾਰਮਿਕ ਆਗੂ ਤੇ ਸੱਜੇ-ਪੱਖੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮਲਹਾਰ ਦੇ ਸ਼ਿਵ ਮੰਦਰ ਵਿੱਚ ‘ਜਲ ਅਭਿਸ਼ੇਕ’ ਦੀ ਖੁੱਲ੍ਹ ਦੇ ਦਿੱਤੀ। ਇਸ ਦੌਰਾਨ ਨੂਹ ਜ਼ਿਲ੍ਹਾ ਕਿਲੇ ਵਿਚ ਤਬਦੀਲ ਰਿਹਾ। ਹੋਰਨਾਂ ਰਾਜਾਂ ਤੋਂ ਪੁੱਜੇ ਹਿੰਦੂ ਸਾਧੂਆਂ ਤੇ ਹੋਰ ਸ਼ਰਧਾਲੂਆਂ ਨੂੰ ਗੁਰੂਗ੍ਰਾਮ ਵਿਚ ਹੀ ਰੋਕ ਲਿਆ ਗਿਆ। ‘ਜਲ ਅਭਿਸ਼ੇਕ’ ਲਈ ਮੰੰਦਿਰ ਜਾਣ ਵਾਲੇ ਆਗੂਆਂ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਵਰਕਿੰਗ ਪ੍ਰਧਾਨ ਆਲੋਕ ਕੁਮਾਰ, ਹਰਿਆਣਾ ਇਕਾਈ ਦੇ ਪ੍ਰਧਾਨ ਪਵਨ ਕੁਮਾਰ, ‘ਪ੍ਰਾਂਤ’ ਪ੍ਰਚਾਰਕ ਆਰਐੱਸਐੱਸ ਵਿਜੈ, 52 ‘ਪਾਲਾਂ’ ਦੇ ਪ੍ਰਧਾਨ ਅਰੁਣ ਜ਼ੈਲਦਾਰ ਤੇ ਸਰਵ ਹਿੰਦੂ ਸਮਾਜ ਦੇ 12 ਪ੍ਰਤੀਨਿਧ ਮੈਂਬਰਾਂ ਤੋਂ ਇਲਾਵਾ ਸਥਾਨਕ ਵਰਕਰ ਤੇ ਹੋਰ ਆਗੂ ਸ਼ਾਮਲ ਸਨ। ਪਵਿੱਤਰ ਸਾਉਣ ਮਹੀਨੇ ਦੇ ਆਖਰੀ ਸੋਮਵਾਰ ਕਰਕੇ ਲੋਕਾਂ ਨੂੰ ਆਪਣੇ ਘਰਾਂ ਨੇੜਲੇ ਮੰਦਰਾਂ ਵਿਚ ਹੀ ਪੂਜਾ ਕਰਨ ਦੀ ਖੁੱਲ੍ਹ ਦਿੱਤੀ ਗਈ। ਯਾਤਰਾ ਦੇ ਸੱਦੇ ਦੇ ਮੱਦੇਨਜ਼ਰ ਅੱਜ ਨੂਹ ਸਣੇ ਹੋਰਨਾਂ ਥਾਵਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਨੂਹ ਲਈ ਨਿਕਲੇ ਕਈ ਸਾਧੂ ਸੰਤਾਂ ਤੇ ਹੋਰ ਸ਼ਰਧਾਲੂਆਂ ਨੂੰ ਗੁਰੂਗ੍ਰਾਮ ਵਿਚ ਹੀ ਰੋਕ ਲਿਆ ਗਿਆ। ਮੀਡੀਆ ਨਾਲ ਜੁੜੇ ਵਾਹਨਾਂ ਨੂੰ ਨੂਹ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ। ਅਯੁੁੱਧਿਆ ਤੋਂ ਆਏ ਜਗਤਗੁਰੂ ਪਰਮਹੰਸ ਅਚਾਰੀਆ ਨੂੰ ਸੋਹਨਾ ਨਜ਼ਦੀਕ ਘਮੋਰਜ ਟੌਲ ਬੂਥ ’ਤੇ ਹੀ ਰੋਕ ਦਿੱਤਾ ਗਿਆ। ਅਚਾਰੀਆ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਹਮਾਇਤੀ ਨਲਹਾਰ ਮੰਦਰ ਵਿੱਚ ‘ਜਲ ਅਭਿਸ਼ੇਕ’ ਲਈ ਸਰਯੂ ਨਦੀ ਦਾ ਪਾਣੀ ਤੇ ਅਯੁੱਧਿਆ ਦੀ ਮਿੱਟੀ ਲੈ ਕੇ ਆਏ ਸਨ। ਅਚਾਰੀਆ ਵਿਰੋਧ ਵਜੋਂ ਉਥੇ ਟੌਲ ਬੂਥ ’ਤੇ ਹੀ ਭੁੱਖ ਹੜਤਾਲ ’ਤੇ ਬੈਠ ਗਏ। ਨੂਹ ਦੇ ਡਿਪਟੀ ਕਮਿਸ਼ਨਰ ਧੀਰੇਂਦਰ ਖੜਗਟਾ ਨੇ ਕਿਹਾ ਕਿ ਮਗਰੋਂ 15 ਸਾਧੂਆਂ ਤੇ ਕੁਝ ਹਿੰਦੂ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੂੰ ਨਲਹਾਰ ਦੇ ਸ਼ਿਵ ਮੰਦਰ ਵਿੱਚ ਜਾ ਕੇ ‘ਜਲ ਅਭਿਸ਼ੇਕ’ ਦੀ ਇਜਾਜ਼ਤ ਦੇ ਦਿੱਤੀ ਗਈ। ਸਵਾਮੀ ਪਰਮਾਨੰਦ ਤੇ ਮਹਾਮੰਡਲੇਸ਼ਵਰ ਸਵਾਮੀ ਧਰਮ ਦੇਵ ਨੂੰ ਮੰਦਰ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ। 52 ‘ਪਾਲਾਂ’ ਦੇ ਪ੍ਰਧਾਨ ਅਰੁਣ ਜ਼ੈਲਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਬੱਸ ਵਿਚ ਬੈਠਾ ਕੇ ਨੂਹ ਪੁਲੀਸ ਲਾਈਨਜ਼ ਤੋਂ ਫਿਰੋਜ਼ਪੁਰ ਝਿਰਕਾ ਵਿੱਚ ਝੀਰ ਮੰਦਰ ਲਈ ਰਵਾਨਾ ਕੀਤਾ ਗਿਆ।
ਬਜਰੰਗ ਦਲ ਦੇ ਗੁਰੂਗ੍ਰਾਮ ਜ਼ਿਲ੍ਹੇ ਦੇ ਕਨਵੀਨਰ ਪ੍ਰਵੀਨ ਹਿੰਦੁਸਤਾਨੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਕੁਝ ਗਿਣਤੀ ਦੇ ਲੋਕਾਂ ਨੂੰ ਹੀ ਮੰਦਰ ਵਿੱਚ ਜਾ ਕੇ ‘ਜਲ ਅਭਿਸ਼ੇਕ’ ਦੀ ਖੁੱਲ੍ਹ ਦਿੱਤੀ ਗਈ ਤੇ ਮਗਰੋਂ ਉਹ ਸਖ਼ਤ ਸੁਰੱਖਿਆ ਪਹਿਰੇ ਹੇਠ ਬੱਸ ਵਿਚ ਝੀਰ ਮੰਦਰ ਲਈ ਰਵਾਨਾ ਹੋ ਗਏ। ਉਧਰ ਹਿੰਦੂ ਸੱਜੇਪੱਖੀ ਆਗੂ ਕੁਲਭੂਸ਼ਨ ਭਾਰਦਵਾਜ ਨੇ ਦਾਅਵਾ ਕੀਤਾ ਕਿ ਹਰਿਆਣਾ ਸਰਕਾਰ ਨੇ ਹਿੰਦੂ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰੀ ਰੱਖਿਆ। ਉਨ੍ਹਾਂ ਕਿਹਾ, ‘‘ਇਹ ਹਿੰਦੂ ਧਰਮ ’ਤੇ ਹਮਲਾ ਹੈ…ਹਰਿਆਣਾ ਸਰਕਾਰ ਨੇ ਮੁਗਲ ਹਕੂਮਤ ਦੇ ਦਿਨ ਚੇਤੇ ਕਰਵਾ ਦਿੱਤੇ ਹਨ।’’ ਭਾਰਦਵਾਜ ਦੇ ਘਰ ਦੇ ਬਾਹਰ ਵੀ ਪੁਲੀਸ ਅਮਲਾ ਤਾਇਨਾਤ ਰਿਹਾ। ਉਧਰ ਸੋਹਨਾ ਤੋਂ ਨੂਹ ਤੱਕ ਪੂਰੇ ਇਲਾਕੇ ਵਿਚ ਚੁੱਪ ਪੱਸਰੀ ਰਹੀ। ਨਾ ਕੋਈ ਦੁਕਾਨ ਖੁੱਲ੍ਹੀ ਸੀ ਤੇ ਨਾ ਹੀ ਸੜਕਾਂ ’ਤੇ ਸਥਾਨਕ ਲੋਕ ਨਜ਼ਰ ਆਏ। ਨੂਹ ਦੇ ਇਕ ਵਿਅਕਤੀ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ ’ਤੇ ਕਿਹਾ, ‘‘ਸਭ ਕੁਝ ਠੀਕ ਠਾਕ ਰਿਹਾ। ਅਸੀਂ ਇਹਤਿਆਤ ਵਜੋਂ ਆਪਣੇ ਕਾਰੋਬਾਰ ਬੰਦ ਰੱਖੇ।’’ ਨੀਮ ਫੌਜੀ ਬਲਾਂ ਦੇ ਨਾਲ ਸੁਰੱਖਿਆ ਅਮਲਾ ਨੂਹ ਵਿੱਚ ਦਾਖ਼ਲ ਹੋਣ ਵਾਲੇ ਰਾਹਾਂ ’ਤੇ ਤਾਇਨਾਤ ਰਿਹਾ। ਸਖ਼ਤ ਸੁਰੱਖਿਆ ਪ੍ਰਬੰਧਾਂ ਲਈ ਹਰਿਆਣਾ ਪੁਲੀਸ ਦੇ 1900 ਜਵਾਨ ਮੌਜੂਦ ਸਨ ਤੇ ਕਈ ਥਾਵਾਂ ’ਤੇ ਬਹੁ-ਪਰਤੀ ਬੈਰੀਕੇਡਿੰਗ ਕੀਤੀ ਸੀ। ਡਰੋਨਾਂ ਦੀ ਮਦਦ ਨਾਲ ਇਲਾਕੇ ਦੀ ਨਿਗਰਾਨੀ ਕੀਤੀ ਗਈ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਦੰਗਾ ਰੋਕੂ ਵਹੀਕਲ ਤਾਇਨਾਤ ਰਹੇ। ਨੂਹ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਸਿੱਖਿਆ ਸੰਸਥਾਵਾਂ ਤੇ ਬੈਂਕ ਬੰਦ ਰੱਖਣ ਦੇ ਹੁਕਮ ਪਹਿਲਾਂ ਹੀ ਦੇ ਦਿੱਤੇ ਸਨ। ਮੋਬਾਈਲ ਇੰਟਰਨੈਟ ਤੇ ਬਲਕ ਐੱਸਐੱਮਐੱਸ ਸੇਵਾਵਾਂ ਵੀ ਬੰਦ ਰਹੀਆਂ। ਇਸ ਦੌਰਾਨ ਗੁਰੂਗ੍ਰਾਮ ਦੇ ਸੈਕਟਰ 69 ਵਿੱਚ ਝੁੱਗੀ-ਝੌਂਪੜੀ ਵਾਲੇ ਇਲਾਕੇ ਕੁਝ ਦੁਕਾਨਾਂ ਦੀਆਂ ਕੰਧਾਂ ’ਤੇ ਪੋਸਟਰ ਲੱਗੇ ਮਿਲੇ, ਜਿਸ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇਲਾਕਾ ਛੱਡ ਕੇ ਜਾਣ ਦੀ ਨਸੀਹਤ ਦਿੱਤੀ ਗਈ ਸੀ। ਗੁਰੂਗ੍ਰਾਮ ਪੁਲੀਸ ਨੇ ਪੋਸਟਰਾਂ ਨੂੰ ਲੈ ਕੇ ਦਿੱਤੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਉਧਰ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਨ੍ਹਾਂ ਪੋਸਟਰਾਂ ਨਾਲ ਕੋਈ ਵਾਹ-ਵਾਸਤਾ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਥੇਬੰਦੀ ਨੂੰ ਬਦਨਾਮ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗੀ ਕੀਤੀ। ਚੇਤੇ ਰਹੇ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਕਿਹਾ ਸੀ ਕਿ ਸ਼ਰਧਾਲੂ ਆਪਣੇ ਘਰਾਂ ਨੇੜਲੇ ਮੰਦਰਾਂ ਵਿੱਚ ਪੂਜਾ ਅਰਚਨਾ ਕਰ ਸਕਦੇ ਹਨ ਤੇ ਕਿਸੇ ਨੂੰ ਵੀ ‘ਯਾਤਰਾ’ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਸਹਿਯੋਗ ਦੇਣ।