ਜ਼ਿਊਰਿਖ, 2 ਸਤੰਬਰ
ਵਿਸ਼ਵ ਚੈਂਪੀਅਨ ਨੀਰਜ ਚੋਪੜਾ ਡਾਇਮੰਡ ਲੀਗ ਦੇ ਨੇਜ਼ਾ ਸੁੱਟਣ ਦੇ ਮੁਕਾਬਲੇ ਵਿੱਚ ਸਿਖ਼ਰਲਾ ਸਥਾਨ ਹਾਸਲ ਨਹੀਂ ਕਰ ਸਕਿਆ ਪਰ ਆਖਰੀ ਗੇੜ ਵਿੱਚ 85.17 ਮੀਟਰ ਦਾ ਥ੍ਰੋਅ ਸੁੱਟ ਕੇ ਦੂਜੇ ਸਥਾਨ ’ਤੇ ਰਿਹਾ। ਓਲੰਪਿਕ ਚੈਂਪੀਅਨ 25 ਸਾਲਾ ਨੀਰਜ ਚੋਪੜਾ ਨੇ 80.79 ਮੀਟਰ, 85.22 ਮੀਟਰ ਅਤੇ 85.71 ਮੀਟਰ ਦੇ ਤਿੰਨ ਵੈਧ ਥ੍ਰੋਅ ਸੁੱਟੇ ਜਦਕਿ ਬਾਕੀ ਤਿੰਨ ਥ੍ਰੋਅ ਫਾਊਲ ਰਹੇ। ਉਹ ਚੈੱਕ ਗਣਰਾਜ ਦੇ ਯਾਕੂਬ ਵਾਲੇਸ਼ (85.86 ਮੀਟਰ) ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਵਿਸ਼ਵ ਚੈਂਪੀਅਨਸ਼ਿਪ ਵਿੱਚ ਯਾਕੂਬ ਨੇ ਕਾਂਸੀ ਤਗ਼ਮਾ ਜਿੱਤਿਆ ਸੀ। ਚੋਪੜਾ ਨੇ ਅੱਜ ਮੁਕਾਬਲੇ ਤੋਂ ਬਾਅਦ ਕਿਹਾ ਕਿ ਉਹ ਪੂਰੀ ਤਰ੍ਹਾਂ ਫਿੱਟ ਸੀ ਪਰ ਬੁਡਾਪੈਸਟ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਥੱਕਿਆ ਹੋਇਆ ਸੀ।