ਮੁੰਬਈ, 15 ਜੂਨ

ਬੌਲੀਵੁੱਡ ਅਦਾਕਾਰਾ ਨੀਨਾ ਗੁਪਤਾ ਨੇ ਅੱਜ ਇੱਥੇ ਆਪਣੀ ਆਤਮ-ਕਥਾ ‘ਸੱਚ ਕਹੂੰ ਤੋ’ ਰਿਲੀਜ਼ ਕਰਦਿਆਂ ਆਪਣੀ ਜ਼ਿੰਦਗੀ ਦੇ ਕਈ ਉਤਰਾਅ-ਚੜਾਅ ਸਾਂਝੇ ਕੀਤੇ। ਰੈਂਡਮ ਹਾਊਸ ਇੰਡੀਆ ਵੱਲੋਂ ਛਾਪੀ ਗਈ ਇਸ ਪੁਸਤਕ ਵਿੱਚ ਨੀਨਾ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਬਿਆਨੀ ਹੈ। ਨੀਨਾ ਨੇ ਅੱਜ ਇੰਸਟਾਗ੍ਰਾਮ ’ਤੇ ਕਰੀਨਾ ਕਪੂਰ ਨਾਲ ਪੁਸਤਕ ਜਾਰੀ ਕਰਨ ਵੇਲੇ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੀ ਆਤਮ-ਕਥਾ ਲਿਖਣ ਬਾਰੇ ਪਿਛਲੇ ਵੀਹ ਸਾਲਾਂ ਤੋਂ ਸੋਚ ਰਹੀ ਸੀ ਅਤੇ ਅਕਸਰ ਸੋਚਦੀ ਸੀ ਕਿ ਇਸ ਨੂੰ ਕੋਈ ਪੜ੍ਹੇਗਾ ਵੀ ਜਾਂ ਨਹੀਂ। ਉਸ ਨੇ ਕਿਹਾ, ‘‘ਤਾਲਾਬੰਦੀ ਦੌਰਾਨ ਬਹੁਤ ਸੋਚਣ ਮਗਰੋਂ ਮੈਂ ਆਪਣੇ ਜੀਵਨ ਬਾਰੇ ਲਿਖਣਾ ਸ਼ੁਰੂ ਕੀਤਾ ਅਤੇ ਹੁਣ ਮੇਰੀ ਜ਼ਿੰਦਗੀ ਦੀ ਕਹਾਣੀ ਸਭ ਦੇ ਸਾਹਮਣੇ ਹੈ।’’ ਕਰੀਨਾ ਕਪੂਰ ਖ਼ਾਨ ਨੇ ਕਿਹਾ ਕਿ ਨੀਨਾ ਗੁਪਤਾ ਦੀ ਇਹ ਆਤਮ-ਕਥਾ ਕਈਆਂ ਲਈ ਰਾਹ ਦਸੇਰਾ ਬਣੇਗੀ। ਅਦਾਕਾਰਾ ਨੇ ਆਪਣੀ ਆਤਮ-ਕਥਾ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਉੱਤਰਾਖੰਡ ਦੇ ਮੁਕਤੇਸ਼ਵਰ ਵਿੱਚ ਲਿਖੀ ਹੈ। ਨੀਨਾ ਗੁਪਤਾ ਦੇ ਵੈੱਸਟ ਇੰਡੀਜ਼ ਦੇ ਸਾਬਕਾ ਕ੍ਰਿਕਟ ਖਿਡਾਰੀ ਵਿਵੀਅਨ ਰਿਚਰਡਜ਼ ਨਾਲ ਪ੍ਰੇਮ ਸਬੰਧ ਸਨ, ਉਨ੍ਹਾਂ ਦੀ ਇੱਕ ਧੀ ਮਸਾਬਾ ਹੈ। ਵਿਵੀਅਨ ਤੇ ਨੀਨਾ ਵਿਆਹ ਦੇ ਬੰਧਨ ’ਚ  ਨਹੀਂ ਬੱਝੇ ਤੇ ਉਸ ਨੇ ਮਸਾਬਾ ਨੂੰ ਇਕੱਲਿਆਂ ਹੀ ਪਾਲਿਆ। ਇਸ ਤੋਂ ਮਗਰੋਂ 50 ਸਾਲ ਦੀ ਉਮਰ ਵਿੱਚ ਉਸ ਨੇ ਚਾਰਟਡ ਅਕਾਊਟੈਂਟ ਵਿਵੇਕ ਮਿਸ਼ਰਾ ਨਾਲ ਵਿਆਹ ਕਰਵਾ ਲਿਆ ਸੀ। ਅਦਾਕਾਰਾ ਨੇ ਅੱਸੀਵੇਂ ਦੇ ਦਹਾਕੇ ਦੌਰਾਨ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਮੁੰਬਈ ਆ ਕੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।

ਨੀਨਾ ਨੇ ਕਿਹਾ ਕਿ ਜ਼ਿੰਦਗੀ ਵਿੱਚ ਚੰਗਾ-ਮਾੜਾ ਸਮਾਂ ਆਇਆ ਪਰ ਉਹ ਹਮੇਸ਼ਾ ਅੱਗੇ ਵਧਦੀ ਰਹੀ। ਉਸ ਨੇ ਉਮੀਦ ਪ੍ਰਗਟਾਈ ਕਿ ਲੋਕ ਉਸ ਦੀ ਆਤਮ-ਕਥਾ ਪੜ੍ਹ ਕੇ ਉਹ ਗਲਤੀਆਂ ਨਹੀਂ ਦੁਹਰਾਉਣਗੇ, ਜੋ ਉਸ ਨੇ ਆਪਣੀ ਜ਼ਿੰਦਗੀ ਵਿੱਚ ਕੀਤੀਆਂ। ਇਨ੍ਹੀਂ ਦਿਨੀਂ ਨੀਨਾ ਗੁਪਤਾ ਅਮਿਤਾਭ ਬੱਚਨ ਨਾਲ ਆਪਣੀ ਆਉਣ ਵਾਲੀ ਫਿਲਮ ‘ਗੁੱਡਬਾਏ’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ।