ਦੁਬਈ, ਬ੍ਰੇਂਡਨ ਗਲੋਵਰ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਬੇਨ ਕੂਪਰ ਦੀ ਦਮਦਾਰ ਬੱਲੇਬਾਜ਼ੀ ਦੇ ਸਿਰ ’ਤੇ ਨੀਦਰਲੈਂਡ ਨੇ ਇੱਥੇ ਟੀ-20 ਵਿਸ਼ਵ ਕੱਪ ਕੁਆਲੀਫਾਈ ਟੂਰਨਾਮੈਂਟ ਦੇ ਫਾਈਨਲ ਵਿੱਚ ਸ਼ਨਿੱਚਰਵਾਰ ਨੂੰ ਪਾਪੁਆ ਨਿਊ ਗਿਨੀ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਖਿਤਾਬ ’ਤੇ ਕਬਜ਼ਾ ਕਰ ਲਿਆ। ਨੀਦਰਲੈਂਡ ਅਤੇ ਪਾਪੁਆ ਨਿਊ ਗਿੰਨੀ ਦੀਆਂ ਟੀਮਾਂ ਨੇ ਅਗਲੇ ਸਾਲ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਇਨ੍ਹਾਂ ਦੋਵਾਂ ਟੀਮਾਂ ਤੋਂ ਇਲਾਵਾ ਓਮਾਨ, ਸਕਾਟਲੈਂਡ, ਨਾਮੀਬੀਆ ਤੇ ਆਇਰਲੈਂਡ ਨੇ ਵੀ ਵਿਸ਼ਵ ਕੱਪ ਦੀਆਂ ਟਿਕਟਾਂ ਕੱਟਵਾ ਲਈਆਂ ਹਨ। ਪਾਪੁਆ ਨਿਊ ਗਿੰਨੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਅੱਠ ਵਿਕਟਾਂ ’ਤੇ 128 ਦੌੜਾਂ ਬਣਾਈਆਂ। ਗਲੋਵਰ ਨੇ ਚਾਰ ਓਵਰਾਂ ਵਿਚ 24 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਨੀਦਰਲੈਂਡ ਨੇ ਇਹ ਟੀਚਾ ਇਕ ਓਵਰ ਬਾਕੀ ਰਹਿੰਦੇ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਕੂਪਰ ਨੇ 33 ਗੇਂਦਾਂ ਵਿੱਚ 41 ਦੌੜਾਂ ਬਣਾਈਆਂ। ਰਿਆਨ ਟੇਨ ਨੇ 23 ਗੇਂਦਾਂ ਵਿੱਚ 34 ਦੌੜਾਂ ਬਣਾਈਆਂ।