ਲਾਸ ਏਂਜਲਸ:ਪ੍ਰਿਯੰਕਾ ਚੋਪੜਾ ਜੋਨਸ ਪਿਛਲੇ ਕਰੀਬ 12 ਮਹੀਨਿਆਂ ਤੋਂ ਲੰਡਨ ਵਿੱਚ ਆਪਣੀ ਵੈੱਬ ਸੀਰੀਜ਼ ‘ਸਿਟਾਡੇਲ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ ਪਰ ਅਦਾਕਾਰਾ ਦਾ ਕਹਿਣਾ ਹੈ ਕਿ ਲੰਮਾ ਸਮਾਂ ਆਪਣੇ ਪਤੀ ਪੌਪ ਗਾਇਕ ਨਿੱਕ ਜੋਨਸ ਤੋਂ ਬਗੈਰ ਰਹਿਣਾ ਬਹੁਤ ਮੁਸ਼ਕਲ ਰਿਹਾ ਹੈ। ਪ੍ਰਿਯੰਕਾ ਨੇ ਆਖਿਆ, ‘‘ਸੱਚਮੁਚ ਇਹ ਸਾਲ ਬਹੁਤ ਔਖਾ ਸੀ। ਜਦੋਂ ਤੁਸੀਂ ਯਾਤਰਾ ਕਰਕੇ ਆਪਣੇ ਪਰਿਵਾਰ ਨੂੰ ਨਹੀਂ ਦੇਖ ਸਕਦੇ ਉਦੋਂ ਸੱਚਮੁਚ ਘਰ ਤੋਂ ਦੂਰ ਰਹਿਣਾ ਹੋਰ ਵੀ ਮੁਸ਼ਕਲ ਹੁੰਦਾ ਹੈ। ਮੈਂ ਇਕੱਲੀ ਸੀ।’’ ਫੀਮੇਲਫਸਟ.ਕੌਮ.ਯੂਕੇ. ਦੀ ਰਿਪੋਰਟ ਅਨੁਸਾਰ ਪਿਛਲੇ ਸਾਲ ਕਈ ਵਾਰ ਜਦੋਂ ਪ੍ਰਿਯੰਕਾ ਤੇ ਨਿੱਕ ਨੂੰ ਇਕੱਠਿਆਂ ਰਹਿਣ ਦਾ ਮੌਕਾ ਮਿਲਿਆ ਤਾਂ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰਹਿਣਾ ਪਿਆ ਹੈ। ਅਦਾਕਾਰਾ ਨੇ ਆਖਿਆ ਕਿ ਉਹ ਦੋਵੇਂ ਜੀਅ ਇੱਕ-ਦੂਜੇ ਦੇ ਨਿੱਜੀ ਹਾਲਾਤ ਅਤੇ ਕਰੀਅਰ ਦੇ ਮਿੱਥੇ ਟੀਚਿਆਂ ਨੂੰ ਸਮਝਦੇ ਹਨ। ਅਦਾਕਾਰਾ ਨੇ ਆਖਿਆ,‘‘ਸਾਡੇ ਆਪੋ-ਆਪਣੇ ਕਰੀਅਰ ਹਨ ਅਤੇ ਅਸੀਂ ਦੋਵੇਂ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਕਦੇ ਵੀ ਇੱਕ-ਦੂਜੇ ਦੀ ਪੇਸ਼ੇਵਰ ਜ਼ਿੰਦਗੀ ’ਚ ਅੜਿੱਕਾ ਨਹੀਂ ਪਾਇਆ ਕਿਉਂਕਿ ਅਸੀਂ ਹਮੇਸ਼ਾਂ ਸਾਥੀ ਹਾਂ। ਪਰ ਅਸੀਂ ਦੋਵਾਂ ਨੇ ਕੁਝ ਫੈਸਲੇ ਲਏ ਕਿਉਂਕਿ ਅਸੀਂ ਖੁਦ ਆਪਣਾ ਕਰੀਅਰ ਬਣਾਇਆ ਹੈ।