ਨਵੀਂ ਦਿੱਲੀ, 20 ਸਤੰਬਰ
ਰੀਓ ਡੀ ਜਨੇਰੀਓ ਵਿੱਚ ਹੋਏ ਆਈਐੱਸਐੱਸਐੱਫ ਵਿਸ਼ਵ ਕੱਪ ’ਚ ਭਾਰਤ ਦੀ ਨਿਸ਼ਾਨੇਬਾਜ਼ ਨਿਸ਼ਚਲ ਨੇ ਔਰਤਾਂ ਦੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਸ ਨੇ ਟੂਰਨਾਮੈਂਟ ਦੇ ਆਖਰੀ ਦਿਨ ਭਾਰਤ ਨੂੰ ਦੂਜਾ ਤਗਮਾ ਦਿਵਾਇਆ। ਸੀਨੀਅਰ ਪੱਧਰ ’ਤੇ ਇਹ ਉਸ ਦਾ ਪਹਿਲਾ ਵਿਸ਼ਵ ਕੱਪ ਸੀ। ਉਸ ਨੇ ਫਾਈਨਲ ਵਿੱਚ 458.0 ਅੰਕ ਬਣਾਏ ਅਤੇ ਉਹ ਨਾਰਵੇ ਦੀ ਸਟਾਰ ਨਿਸ਼ਾਨੇਬਾਜ਼ ਜੈਨੇਟ ਹੇਗ ਡੁਏਸਟਡ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਡੁਏਸਟਡ ਏਅਰ ਰਾਈਫਲ ਵਿੱਚ ਮੌਜੂਦਾ ਯੂਰਪੀ ਚੈਂਪੀਅਨ ਹੈ ਅਤੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਉਹ ਪੰਜ ਸੋਨ ਤਗਮਿਆਂ ਸਮੇਤ ਕੁੱਲ 12 ਤਗਮੇ ਜਿੱਤ ਚੁੱਕੀ ਹੈ। ਟੂਰਨਾਮੈਂਟ ਦੇ ਆਖ਼ਰੀ ਦਿਨ ਗੁਰਪ੍ਰੀਤ ਸਿੰਘ ਨੇ ਵੀ ਇੱਕ ਹੋਰ ਮੈਡਲ ਮੁਕਾਬਲੇ ਵਿੱਚ ਹਿੱਸਾ ਲਿਆ ਪਰ ਉਹ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਵਰਗ ਵਿੱਚ 574 ਅੰਕ ਬਣਾ ਕੇ 15ਵੇਂ ਸਥਾਨ ’ਤੇ ਰਿਹਾ। ਇਸ ਟੂਰਨਾਮੈਂਟ ਵਿੱਚ ਭਾਰਤ ਦੀ 16 ਮੈਂਬਰੀ ਟੀਮ ਨੇ ਰੀਓ ਵਿਸ਼ਵ ਕੱਪ ਵਿੱਚ ਇੱਕ ਸੋਨ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ।