ਨਵੀਂ ਦਿੱਲੀ, 28 ਜੂਨ
ਓਲੰਪੀਅਨ ਮਨੂ ਭਾਕਰ, ਉੜੀਸਾ ਦੀ ਸ਼੍ਰਿਅੰਕਾ ਸਡਾਂਗੀ ਅਤੇ ਮੱਧ ਪ੍ਰਦੇਸ਼ ਦੇ ਗੋਲਡੀ ਗੁੱਜਰ ਨੇ ਕੌਮੀ ਨਿਸ਼ਾਨੇਬਾਜ਼ੀ ਟਰਾਇਲਾਂ ਦੇ ਪੰਜਵੇਂ ਦਿਨ ਸਫਲਤਾ ਹਾਸਲ ਕੀਤੀ। ਕਰਨੀ ਸਿੰਘ ਸ਼ੂਟਿੰਗ ਰੇਂਜ ’ਚ ਚੱਲ ਰਹੇ ਟਰਾਇਲਾਂ ’ਚ ਮਨੂ ਨੇ 39 ਅੰਕ ਬਣਾ ਕੇ ਮਹਿਲਾਵਾਂ ਦੀ 25 ਮੀਟਰ ਪਿਸਟਲ ਟੀ6 ਦਾ ਫਾਈਨਲ ਜਿੱਤਿਆ। ਇਸੇ ਤਰ੍ਹਾਂ ਸ਼੍ਰਿਅੰਕਾ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਟੀ6 ਵਿੱਚ ਬਾਜ਼ੀ ਮਾਰੀ ਅਤੇ ਗੋਲਡੀ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜੀਸ਼ਨ ਟੀ5 ’ਚ ਜੇਤੂ ਰਿਹਾ।
ਮਨੂ ਨੇ ਕੁਆਲੀਫਿਕੇਸ਼ਨ ਵਿੱਚ 591 ਅੰਕ ਬਣਾਉਣ ਤੋਂ ਬਾਅਦ ਚਾਰ ਪ੍ਰਫੈਕਟ ਪੰਜ ਅਤੇ ਇੰਨਾ ਹੀ ਚਾਰ ਦਾ ਸਕੋਰ ਕੀਤਾ। ਓਲੰਪੀਅਨ ਰਾਹੀ ਸਰਨੋਬਤ ਉਸ ਤੋਂ ਦੋ ਅੰਕ ਪਿੱਛੇ ਰਹੀ। ਪੁਰਸ਼ਾਂ ਦੀ ਰਾਈਫਲ 3 ਪੋਜੀਸ਼ਨ ਵਿੱਚ ਗੋਲਡੀ ਨੇ 600 ’ਚੋਂ 586 ਅੰਕ ਬਣਾਏ ਅਤੇ ਫਿਰ 454.5 ਨਾਲ ਜੇਤੂ ਰਿਹਾ। ਹਿਮਾਚਲ ਪ੍ਰਦੇਸ਼ ਦਾ ਸੂਰਿਆ ਪ੍ਰਤਾਪ ਸਿੰਘ ਦੂਜੇ ਅਤੇ ਨੇਵੀ ਦਾ ਨੀਰਜ ਕੁਮਾਰ ਤੀਜੇ ਸਥਾਨ ’ਤੇ ਰਿਹਾ। ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਟੀ6 ਵਿੱਚ ਉੜੀਸਾ ਦੀ ਸ਼੍ਰਿਅੰਕਾ ਕੁਆਲੀਫਿਕੇਸ਼ਨ ਵਿੱਚ ਚੌਥੇ ਸਥਾਨ ’ਤੇ ਰਹੀ ਪਰ ਫਾਈਨਲ ਵਿੱਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਮਿਤਾ ਦੂਜੇ ਅਤੇ ਨੈਨਸੀ ਤੀਜੇ ਸਥਾਨ ’ਤੇ ਰਹੀ।