ਲੀਮਾ (ਪੇਰੂ), 4 ਅਕਤੂਬਰ
ਆਈਐੱਸਐੱਸਐੱਫ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਨੂ ਭਾਕਰ ਦੀ ਅਗਵਾਈ ’ਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਦਾਅ ’ਤੇ ਲੱਗੇ ਛੇ ਸੋਨ ਤਗ਼ਮਿਆਂ ਵਿੱਚੋਂ 4 ਸੋਨ ਤਗ਼ਮੇ ਜਿੱਤ ਲਏ ਹਨ, ਜਿਸ ਨਾਲ ਭਾਰਤ ਤਗ਼ਮਾ ਸੂਚੀ ਵਿੱਚ ਪਹਿਲੇ ਸਥਾਨ ’ਤੇ ਆ ਗਿਆ ਹੈ। ਭਾਰਤ ਨੇ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿੱਚ ‘ਕਲੀਨ ਸਵੀਪ’ ਕੀਤਾ ਹੈ। ਇਸ ਵਿੱਚ ਮਿਕਸਡ ਅਤੇ ਪੁਰਸ਼ ਚੈਂਪੀਅਨਸ਼ਿਪ ਵੀ ਸ਼ਾਮਲ ਹਨ।
ਭਾਰਤ ਨੇ ਪੁਰਸ਼ਾਂ ਦੇ 10 ਮੀਟਰ ਰਾਈਫਲ ਟੀਮ ਮੁਕਾਬਲੇ ’ਚ ਵੀ ਸੋਨ ਤਗ਼ਮਾ ਜਿੱਤਿਆ ਹੈ। ਭਾਰਤ ਹੁਣ 6 ਸੋਨ, 6 ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮਿਆਂ ਨਾਲ ਪਹਿਲੇ ਜਦਕਿ ਅਮਰੀਕਾ 4 ਸੋਨ, 4 ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮਿਆਂ ਨਾਲ ਦੂਜੇ ਸਥਾਨ ’ਤੇ ਹੈ। ਮਨੂ ਭਾਕਰ ਨੇ ਦਿਨ ਵਿੱਚ ਦੋ ਸੋਨ ਤਗ਼ਮੇ ਜਿੱਤੇ, ਜਿਸ ਨਾਲ ਚੈਂਪੀਅਨਸ਼ਿਪ ’ਚ ਉਸ ਦੇ ਤਗ਼ਮਿਆਂ ਦੀ ਗਿਣਤੀ 3 ਹੋ ਗਈ ਹੈ। ਉਸ ਨੇ ਸਰਬਜੋਤ ਸਿੰਘ ਨਾਲ ਮਿਕਸਡ ਡਬਲਜ਼ ਵਿੱਚ ਫਿਰ ਰਿਧਮ ਸਾਂਗਵਾਨ ਅਤੇ ਸ਼ਿਖਾ ਨਰਵਾਲ ਨਾਲ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ। ਇਸ ਮੁਕਾਬਲੇ ’ਚ ਭਾਰਤ ਨੇ ਬੇਲਾਰੂਸ ਨੂੰ 16-12 ਨਾਲ ਹਰਾਇਆ। ਪੁਰਸ਼ਾਂ ’ਚ ਨਵੀਨ, ਸਰਬਜੋਤ ਤੇ ਸ਼ਿਵ ਨਰਵਾਲ ਦੀ ਟੀਮ ਨੇ ਵੀ ਬੇਲਾਰੂਸ ਦੀ ਟੀਮ ਨੂੰ 16-14 ਨਾਲ ਹਰਾ ਕੇ ਸੋਨ ਤਗ਼ਮਾ ਹਾਸਲ ਕੀਤਾ।