ਐਸ.ਏ.ਐਸ.ਨਗਰ (ਮੁਹਾਲੀ), 6 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਵੇਸ਼ਕਾਰਾਂ ਨੂੰ ਸੂਬੇ ਵਿੱਚ ਨਿਵੇਸ਼ ਲਈ ਸਾਜ਼ਗਾਰ ਮਾਹੌਲ ਦੇਣ ਦਾ ਵਾਅਦਾ ਕਰਦਿਆਂ ਕਿਹਾ ਹੈ ਕਿ ਸੂਬੇ ਦਾ ਮਾਹੌਲ ਵਿਗਾੜਨ ਵਾਲੀਆਂ ਤਾਕਤਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਮੁੱਖ ਮੰਤਰੀ ਨੇ ਇਹ ਗੱਲ ਅੱਜ ਇੱਥੋਂ ਦੇ ਸੈਕਟਰ-81 ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਸ਼ੁਰੂ ਹੋਏ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਉਦਘਾਟਨੀ ਸਮਾਰੋਹ ਦੌਰਾਨ ਜੁੜੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਕਹੀ। ਉੱਘੇ ਕਾਰੋਬਾਰੀਆਂ ਨੇ ਪੰਜਾਬ ਵਿੱਚ ਨਿਵੇਸ਼ ਦਾ ਵਾਅਦਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬਾ ਜੋ ਚੌਲ ਨਾ ਖਾਣ ਦੇ ਬਾਵਜੂਦ ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਖਾਤਰ ਝੋਨਾ ਪੈਦਾ ਕਰ ਸਕਦਾ ਹੈ ਉਹ ਸੂਬਾ ਸਨਅਤਾਂ ਲਈ ਵਧੀਆ ਮਾਹੌਲ ਵੀ ਸਿਰਜ ਸਕਦਾ ਹੈ।
ਅੱਜ ਇੱਥੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ’ਚ ਜੁੜੇ ਕਾਰੋਬਾਰੀਆਂ ਨੂੰ ਮੁੱਖ ਮੰਤਰੀ ਨੇ ਸਿੱਧਾ ਸੰਬੋਧਨ ਕਰਨ ਦੀ ਥਾਂ ਐੱਨਡੀਟੀਵੀ ਦੇ ਕੋ-ਚੇਅਰਮੈਨ ਤੇ ਉੱਘੇ ਪੱਤਰਕਾਰ ਪ੍ਰਣਵ ਰਾਏ ਨਾਲ ਸਿੱਧਾ ਸੰਵਾਦ ਰਚਾਇਆ ਤੇ ਪੰਜਾਬ ਨਾਲ ਸਬੰਧਤ ਵੱਖ ਵੱਖ ਮੁੱਦਿਆਂ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਸੂਬੇ ’ਚ ਗੈਂਗਸਟਰਾਂ ਦੀਆਂ ਵੱਧ ਰਹੀਆਂ ਗਤੀਵਿਧੀਆਂ ਅਤੇ ਪਾਕਿਸਤਾਨ ਵੱਲੋਂ ਸੂਬੇ ਅੰਦਰ ਮਾਹੌਲ ਵਿਗਾੜੇ ਜਾਣ ਸਬੰਧੀ ਖੁਫੀਆਂ ਰਿਪੋਰਟਾਂ ਬਾਰੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ’ਚੋਂ ਗੈਂਗਸਟਰਾਂ ਦਾ ਸਫ਼ਾਇਆ ਕਰ ਦਿੱਤਾ ਹੈ। ਪਾਕਿਸਤਾਨ ਸਬੰਧੀ ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਨੂੰ ਸੂਬੇ ਦਾ ਮਾਹੌਲ ਵਿਗਾੜਨ ਦੀਆਂ ਆਪਣੀਆਂ ਕੋਸ਼ਿਸ਼ਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਤੇ ਉਹ ਕਿਸੇ ਵੀ ਹਰਕਤ ਦਾ ਜਵਾਬ ਦੇਣ ਦੇ ਸਮਰੱਥ ਹਨ। ਪਾਕਿਸਤਾਨ ਵੱਲੋਂ ਭਾਰਤ ਨਾਲ ਲੱਗਦੀ ਕੌਮਾਂਤਰੀ ਸਰਹੱਦ ਨੇੜੇ ਲਗਾਈ ਜਾ ਰਹੀ ਸਨਅਤ ਤੋਂ ਪੰਜਾਬ ਦੀ ਸਨਅਤ ਨੂੰ ਹੋਣ ਵਾਲੇ ਸੰਭਾਵੀ ਖਤਰਿਆਂ ਬਾਰੇ ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਨਾਲ ਸਾਂਝ ਵਧਣ ਨਾਲ ਪੰਜਾਬ ਅਤੇ ਉੱਤਰੀ ਭਾਰਤ ਨੂੰ ਫਾਇਦਾ ਹੋ ਸਕਦਾ ਹੈ ਤੇ ਵਪਾਰ ਵਧ ਸਕਦਾ ਹੈ। ਪੰਜਾਬ ਨਸ਼ਾ ਮੁਕਤ ਕਰਨ ਸਬੰਧੀ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਮੁਕਤੀ ਨਹੀਂ ਹੋਵੇਗੀ ਪਰ ਨਸ਼ੇ ਕਾਬੂ ਹੇਠ ਆ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੂਬੇ ’ਚ ਨਸ਼ਿਆਂ ਦੀ ਭਰਮਾਰ ਸੀ ਤੇ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਦਾ ਲੱਕ ਤੋੜ ਦਿਤਾ ਹੈ। ਨਸ਼ੀਲੇ ਪਦਾਰਥ ਕਈ ਪਾਸਿਓਂ ਆਉਂਦੇ ਹਨ ਤੇ ਇਸ ਕਰਕੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਮੁਸ਼ਕਿਲ ਹੈ।
ਉਦਯੋਗ ਦੀ ਸਹੂਲਤ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਨਅਤ ਅਤੇ ਨਿਵੇਸ਼ਕਾਂ ਨੂੰ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਤਾਂ ਜੋ ਪੰਜਾਬ ਨਿਵੇਸ਼ ਪੱਖੋਂ ਤਰਜੀਹੀ ਟਿਕਾਣੇ ਵਜੋਂ ਉੱਭਰ ਸਕੇ। ਉਨ੍ਹਾਂ ਕਿਹਾ ਕਿ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਸਿੰਗਲ ਵਿੰਡੋ ਕਲੀਅਰੈਂਸ, ਆਨਲਾਈਨ ਅਰਜ਼ੀਆਂ ਤੇ ਪ੍ਰਵਾਨਗੀਆਂ, ਉਦਯੋਗਾਂ ਲਈ ਬਿਜਲੀ ’ਤੇ ਸਬਸਿਡੀ, ਵਪਾਰ ਤੇ ਸਨਅਤ ਨਾਲ ਸਬੰਧਤ ਮੁੱਖ ਕਾਨੂੰਨਾਂ ਵਿੱਚ ਸੋਧ ਦੇ ਨਾਲ-ਨਾਲ ਜਲ ਨੇਮਬੰਦੀ ਵਰਗੀਆਂ ਸਹੂਲਤਾਂ ਨਿਵੇਸ਼ਕਾਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਅਨਾਜ ਦੇ ਵਾਧੂ ਉਤਪਾਦਨ ਨਾਲ ਪੰਜਾਬ ਲਈ ਖੇਤੀਬਾੜੀ ਹੁਣ ਹੰਢਣਸਾਰ ਨਾ ਹੋਣ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਲੋਕਾਂ ਨੂੰ ਖੇਤੀਬਾੜੀ ਤੋਂ ਉਦਯੋਗ ਵੱਲ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ਹੋਣ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਮੱਸਿਆ ਦਾ ਪੱਕਾ ਹੱਲ ਲੱਭਣ ਦੇ ਯਤਨ ਕਰਨੇ ਚਾਹੀਦੇ ਹਨ। ਸੂਬੇ ਵਿੱਚ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਹੁਲਾਰਾ ਦੇਣ ਦੇ ਕਦਮ ਵਜੋਂ ਮੁੱਖ ਮੰਤਰੀ ਇਸ ਸੈਕਟਰ ਦੇ 14 ਉੱਦਮੀਆਂ ਦਾ ਇੱਕ-ਇੱਕ ਲੱਖ ਰੁਪਏ ਦੇ ਨਗਦ ਇਨਾਮ ਤੇ ਪ੍ਰਸੰਸਾ ਪੱਤਰ ਨਾਲ ਸਨਮਾਨ ਕੀਤਾ। ਸੂਖਮ ਤੇ ਲਘੂ ਉਦਯੋਗ ਦੀ ਸ਼੍ਰੇਣੀ ਤਹਿਤ ਸੱਤ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ।